ਹਰਿਆਣਾ: ਸਟੇਸ਼ਨ ’ਤੇ ਖੜ੍ਹੀ ਰੇਲ ਦੀਆਂ ਚਾਰ ਬੋਗੀਆਂ ’ਚ ਲੱਗੀ ਭਿਆਨਕ ਅੱਗ

04/08/2021 6:22:43 PM

ਰੋਹਤਕ– ਕੋਵਿਡ-19 ਕਾਰਨ ਕਰੀਬ ਇਕ ਸਾਲ ਬਾਅਦ ਚੱਲੀ ਪੈਸੇਂਜਰ ਰੇਲ ਦੀ ਬੋਗੀ ’ਚ ਅਚਾਨਕ ਅੱਗ ਲੱਗਣ ਕਾਰਨ ਰੇਲਵੇ ਵਿਭਾਗ ’ਚ ਅਫੜਾ-ਦਫੜੀ ਮਚ ਗਈ। ਅੱਗ ਲੱਗਣ ਕਾਰਨ ਪੈਸੇਂਜਰ ਰੇਲ ਦੀਆਂ ਚਾਰ ਬੋਗੀਆਂ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈਆਂ ਹਨ।  

 

ਜਾਣਕਾਰੀ ਮੁਤਾਬਕ, ਏ.ਐੱਮ.ਯੂ. ਰੇਲ ਰੋਹਤਕ ਤੋਂ ਦਿੱਲੀ ਲਈ ਚਲਦੀ ਹੈ ਜੋ ਵੀਰਵਾਰ ਯਾਨੀ ਅੱਜ 4:10 ’ਤੇ ਚੱਲਣੀ ਸੀ ਪਰ ਕਰੀਬ 2 ਵਜੇ ਰੇਲ ਦੀਆਂ ਬੋਗੀਆਂ ’ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਅੱਗ ਬੁਝਾਉਣ ਲਈ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਬੁਝਾਉਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗਨੀਮਤ ਰਹੀ ਕਿ ਨੇੜੇ ਖੜ੍ਹੀਆਂ ਮਾਲ ਗੱਡੀਆਂ ਤਕ ਅੱਗ ਨਹੀਂ ਪਹੁੰਚੀ ਨਹੀਂ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ।

ਕਰੀਬ ਸਾਲ ਬਾਅਦ 5 ਅਪ੍ਰੈਲ ਤੋਂ ਪੈਸੇਂਜਰ ਰੇਲ ਚਲਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਇਸੇ ਕੜੀ ’ਚ ਰੋਹਤਕ ਤੋਂ ਦਿੱਲੀ ਜਾਣ ਵਾਲੀ ਏ.ਐੱਮ.ਯੂ. ਪੈਸੇਂਜਰ ਰੇਲ ਨੂੰ 4:10 ’ਤੇ ਰੋਹਤਕ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਕਰੀਬ 2 ਵਜੇ ਰੇਲਵੇ ਦੇ ਕਰਮਚਾਰੀਆਂ ਨੂੰ ਸੂਚਨਾ ਮਿਲੀ ਕਿ ਰੇਲ ਦੀਆਂ ਬੋਗੀਆਂ ’ਚ ਅੱਗ ਲੱਗੀ ਹੋਈ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। 

ਅੱਗ ਲੱਗਣ ਕਾਰਨ ਰੇਲ ਦੀਆਂ ਚਾਰ ਬੋਗੀਆਂ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈਆਂ ਹਨ। ਹਾਲਾਂਕਿ, ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। 

 

Rakesh

This news is Content Editor Rakesh