ਭਲਕੇ ਸ਼ੁਰੂ ਹੋਵੇਗਾ ਸੰਸਦ ਦਾ ਸੈਸ਼ਨ, ਨਵੀਂ ਸਰਕਾਰ ਅੱਗੇ ਹੋਵੇਗੀ ਇਹ ਚੁਣੌਤੀ

06/16/2019 5:52:17 PM

ਨਵੀਂ ਦਿੱਲੀ (ਵਾਰਤਾ)— 17 ਜੂਨ ਯਾਨੀ ਕਿ ਸੋਮਵਾਰ ਤੋਂ ਸੰਸਦ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਸੈਸ਼ਨ 'ਚ ਨਵੀਂ ਸਰਕਾਰ ਦੇ ਸਾਹਮਣੇ ਤਿੰਨ ਤਲਾਕ ਸਮੇਤ 10 ਮਹੱਤਵਪੂਰਨ ਬਿੱਲਾਂ ਨੂੰ ਪਾਸ ਕਰਾਉਣ ਦੀ ਚੁਣੌਤੀ ਹੋਵੇਗੀ। ਉੱਥੇ ਹੀ ਵਿਰੋਧੀ ਦਲ ਸਰਕਾਰ ਨੂੰ ਕਿਸਾਨਾਂ, ਬੇਰੋਜ਼ਗਾਰੀ, ਧਰਮ ਨਿਰਪੱਖਤਾ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਵਰਗੇ ਕਈ ਮੁੱਦਿਆਂ 'ਤੇ ਘੇਰਨ ਦੀ ਕੋਸ਼ਿਸ਼ ਕਰੇਗੀ। ਲੋਕ ਸਭਾ ਚੋਣਾਂ ਵਿਚ ਬੰਪਰ ਜਿੱਤ ਤੋਂ ਬਾਅਦ ਦੂਜੀ ਵਾਰ ਸੱਤਾ 'ਚ ਆਈ ਮੋਦੀ ਸਰਕਾਰ ਨੇ ਸੰਸਦ ਦੇ ਪਹਿਲੇ ਸੈਸ਼ਨ 'ਚ ਤਿੰਨ ਤਲਾਕ ਵਰਗੇ ਮਹੱਤਵਪੂਰਨ ਨੂੰ ਬਿੱਲ ਲਿਆਉਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਪਾਸ ਕਰਾਉਣਾ ਇਕ ਵੱਡੀ ਚੁਣੌਤੀ ਹੋਵੇਗੀ। ਤਿੰਨ ਤਲਾਕ 'ਤੇ ਸਰਕਾਰ ਦੋ ਵਾਰ ਆਰਡੀਨੈਸ ਲਿਆਈ ਪਰ ਇਸ ਨੂੰ ਸੰਸਦ ਵਿਚ ਪਾਸ ਕਰਾਉਣ ਵਿਚ ਅਸਫਲ ਰਹੀ। ਇਸ 'ਤੇ ਪਹਿਲਾ ਆਰਡੀਨੈਸ ਪਿਛਲੇ ਸਾਲ ਸਤੰਬਰ ਅਤੇ ਦੂਜਾ ਇਸ ਸਾਲ ਫਰਵਰੀ ਵਿਚ ਲਿਆਂਦਾ ਗਿਆ ਸੀ।


ਵਿਰੋਧੀ ਦਲ ਕਾਂਗਰਸ, ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ ਨਾਲ ਹੀ ਕਈ ਹੋਰ ਵਿਰੋਧੀ ਦਲ ਪਹਿਲਾਂ ਤੋਂ ਹੀ ਤਿੰਨ ਤਲਾਕ ਦਾ ਵਿਰੋਧ ਕਰ ਰਹੇ ਹਨ। ਇਸ ਲਈ ਸਰਕਾਰ ਦੇ ਸਾਹਮਣੇ ਇਸ ਨੂੰ ਪਾਸ ਕਰਾਉਣਾ ਵੱਡੀ ਚੁਣੌਤੀ ਹੈ। ਉੱਥੇ ਹੀ ਲੋਕ ਸਭਾ ਵਿਚ ਸੋਮਵਾਰ ਅਤੇ ਮੰਗਲਵਾਰ ਨੂੰ ਚੁਣ ਕੇ ਆਏ ਸਾਰੇ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਅਤੇ ਬੁੱਧਵਾਰ ਨੂੰ 17ਵੀਂ ਲੋਕ ਸਭਾ ਲਈ ਸਪੀਕਰ ਚੁਣਿਆ ਜਾਵੇਗਾ। ਰਾਜ ਸਭਾ ਦਾ ਸੈਸ਼ਨ 20 ਜੂਨ ਨੂੰ ਹੋਣਾ ਹੈ, ਉਸੇ ਦਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੋਹਾਂ ਸਦਨਾਂ ਨੂੰ ਸਾਂਝੇ ਰੂਪ ਨਾਲ ਸੰਬੋਧਿਤ ਕਰਨਗੇ। ਉਸ ਤੋਂ ਬਾਅਦ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ ਹੋਵੇਗੀ। 4 ਜੁਲਾਈ ਨੂੰ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ ਅਤੇ 4 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ ਪੇਸ਼ ਕਰੇਗੀ।

Tanu

This news is Content Editor Tanu