ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ

08/01/2021 11:20:43 AM

ਨਵੀਂ ਦਿੱਲੀ (ਭਾਸ਼ਾ)- ਸੰਸਦ ਦੇ ਮਾਨਸੂਨ ਸੈਸ਼ਨ ਵਿਚ ਪੈਗਾਸਸ ਜਾਸੂਸੀ ਮਾਮਲਾ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੰਗਾਮੇ ਕਾਰਨ ਚੱਲ ਰਹੇ ਡੈੱਡਲਾਕ ਦਰਮਿਆਨ ਸਰਕਾਰੀ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਹੁਣ ਤੱਕ ਸੰਸਦ ਦੀ ਕਾਰਵਾਈ ਕੁੱਲ ਨਿਰਧਾਰਤ 107 ਘੰਟਿਆਂ ਵਿਚੋਂ ਸਰਫ 18 ਘੰਟੇ ਹੀ ਚੱਲ ਸਕੀ। ਵਿਘਣ ਪਾਏ ਜਾਣ ਕਾਰਨ ਟੈਕਸ ਦਾਤਿਆਂ ਦੇ 133 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸੂਤਰਾਂ ਨੇ ਦੱਸਿਆ ਕਿ 19 ਜੁਲਾਈ ਤੋਂ ਸ਼ੁਰੂ ਹੋਏ ਸੰਸਦ ਦੇ ਮਾਨਸੂਨ ਸਮਾਗਮ ਦੌਰਾਨ ਹੁਣ ਤੱਕ ਲਗਭਗ 89 ਘੰਟੇ ਹੰਗਾਮੇ ਦੀ ਭੇਟ ਚੜ੍ਹ ਚੁੱਕੇ ਹਨ। ਮੌਜੂਦਾ ਸੈਸ਼ਨ 13 ਅਗਸਤ ਤੱਕ ਚਲਣਾ ਹੈ।

ਅਧਿਕਾਰਤ ਸੂਤਰਾਂ ਵਲੋਂ ਸਾਂਝੇ ਕੀਤੇ ਗਏ ਵੇਰਵਿਆਂ ਮੁਤਾਬਕ ਰਾਜ ਸਭਾ ਦੀ ਕਾਰਵਾਈ ਮਿੱਥੇ ਸਮੇਂ ਤੋਂ ਸਿਰਫ 21 ਫ਼ੀਸਦੀ ਹੀ ਚੱਲ ਸਕੀ। ਲੋਕ ਸਭਾ ਦੀ ਕਾਰਵਾਈ ਮਿੱਥੇ ਸਮੇਂ ਦਾ 13 ਫ਼ੀਸਦੀ ਹੀ ਚੱਲ ਸਕੀ। ਪੈਗਾਸਸ, ਕਿਸਾਨ ਅੰਦੋਲਨ, ਮਹਿੰਗਾਈ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੰਸਦ ਦੇ ਦੋਹਾਂ ਸਦਨਾਂ ’ਚ ਡੈੱਡਲਾਕ ਬਣਿਆ ਹੋਇਆ ਹੈ। 19 ਜੁਲਾਈ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਸੀ ਪਰ ਅਜੇ ਤੱਕ ਦੋਹਾਂ ਸਦਨਾਂ ਦੀ ਕਾਰਵਾਈ ਲੱਗਭਗ ਰੁਕੀ ਹੋਈ ਹੈ। ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਵਿਰੋਧੀ ਧਿਰ ਦੇ ਆਗੂ ਸੰਸਦ ਵਿਚ ਚਰਚਾ ਦੀ ਮੰਗ ਕਰ ਰਹੇ ਹਨ। 

ਦੱਸਣਯੋਗ ਹੈ ਕਿ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਬਿਆਨ ਸਾਹਮਣੇ ਆਇਆ ਹੈ, ਜਦੋਂ ਕੁਝ ਦਿਨ ਪਹਿਲਾਂ ਸੰਸਦ ਵਿਚ ਹੰਗਾਮਾ ਹੋਣ ਕਾਰਨ ਮੋਦੀ ਆਪਣੀ ਨਾਰਾਜ਼ਗੀ ਜਤਾ ਚੁੱਕੇ ਹਨ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸੰਸਦੀ ਦਲ ਦੇ ਆਗੂਆਂ ਨਾਲ ਬੈਠਕ ਕੀਤੀ ਸੀ। ਇਸ ਦੌਰਾਨ ਮੋਦੀ ਕਾਂਗਰਸ ਪਾਰਟੀ 'ਤੇ ਜੰਮ ਕੇ ਵਰ੍ਹੇ। ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ  ਸਾਫ਼ ਕਿਹਾ ਕਿ ਕੋਰੋਨਾ 'ਤੇ ਜਦੋਂ ਬੈਠਕ ਬੁਲਾਈ ਤਾਂ ਕਾਂਗਰਸ ਨੇ ਇਸ ਦਾ ਬਾਇਕਾਟ ਕੀਤਾ ਅਤੇ ਦੂਜੇ ਦਲਾਂ ਨੂੰ ਵੀ ਇਸ 'ਚ ਆਉਣ ਤੋਂ ਰੋਕਿਆ, ਕਾਂਗਰਸ ਸੰਸਦ ਨਹੀਂ ਚੱਲਣ ਦੇ ਰਹੀ ਹੈ। ਅਜਿਹੇ 'ਚ ਸੰਸਦ ਮੈਂਬਰ ਜਨਤਾ ਅਤੇ ਮੀਡੀਆ ਨੂੰ ਕਾਂਗਰਸ ਦਾ ਅਸਲੀ ਚਿਹਰਾ ਵਿਖਾਉਣ।

Tanu

This news is Content Editor Tanu