ਪੈਰਿਸ ''ਚ ਅੱਤਵਾਦ ਵਿਰੁੱਧ ਪਾਕਿ ਨੂੰ ਘੇਰੇਗਾ ਭਾਰਤ

02/16/2018 2:53:31 PM

ਪੈਰਿਸ(ਬਿਊਰੋ)— ਪੈਰਿਸ ਵਿਚ ਅਗਲੇ ਮਹੀਨੇ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐਫ) ਦੀ ਅਹਿਮ ਬੈਠਕ ਵਿਚ ਭਾਰਤ ਦੇ ਨਿਸ਼ਾਨੇ 'ਤੇ ਪਾਕਿਸਤਾਨ ਰਹਿਣ ਵਾਲਾ ਹੈ। ਭਾਰਤ ਅੱਤਵਾਦ ਵਿਰੁੱਧ ਪਾਕਿਸਤਾਨ ਦੀ ਕਮਜ਼ੋਰ ਕਾਰਵਾਈ ਅਤੇ ਲੱਚਰ ਰਵੱਈਏ ਦਾ ਮੁੱਦਾ ਚੁੱਕ ਸਕਦਾ ਹੈ। ਇਸ ਬੈਠਕ ਵਿਚ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਨੂੰ ਮਦਦ ਪਹੁੰਚਾਉਣ ਅਤੇ ਅੱਤਵਾਦ ਵਿਰੁੱਧ ਸਖਤ ਕਦਮ ਨਾ ਚੁੱਕਣ ਦੇ ਰਵੱਈਏ 'ਤੇ ਵੀ ਭਾਰਤ ਆਪਣੀ ਨਾਖੁਸ਼ੀ ਜ਼ਾਹਰ ਕਰੇਗਾ।
ਮੰਨਿਆ ਜਾ ਰਿਹਾ ਹੈ ਕਿ ਪੈਰਿਸ ਵਿਚ ਹੋਣ ਵਾਲੇ ਇਸ ਅਹਿਮ ਸੰਮੇਲਨ ਵਿਚ ਪਾਕਿਸਤਾਨ ਉਪਰ ਕਾਫੀ ਦਬਾਅ ਰਹਿਣ ਵਾਲਾ ਹੈ। ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੈਯਬਾ ਵੱਲੋਂ ਭਾਰਤ ਵਿਚ ਫੈਲਾਏ ਜਾ ਰਹੇ ਅੱਤਵਾਦ 'ਤੇ ਭਾਰਤ ਆਪਣਾ ਸਖਤ ਵਿਰੋਧ ਜਾਰੀ ਕਰੇਗਾ। ਹਾਲ ਹੀ ਵਿਚ ਸੁੰਜਆਨ ਆਰਮੀ ਕੈਂਪ ਅਤੇ ਸ਼੍ਰੀਨਗਰ ਦੇ ਕਰਨ ਨਗਰ ਬੀ. ਐਸ. ਐਫ ਕੈਂਪ ਵਿਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਦੱਸਣਯੋਗ ਹੈ ਕਿ ਐਫ. ਏ. ਟੀ. ਐਫ ਇਕ ਅੰਤਰਰਾਸ਼ਟਰੀ ਸੰਗਠਨ ਹੈ ਜੋ ਵੱਖ-ਵੱਖ ਦੇਸ਼ਾਂ ਦਰਮਿਆਨ ਮਨੀ ਲਾਂਡਰਿੰਗ ਅਤੇ ਅੱਤਵਾਦ ਫੰਡਿੰਗ ਵਰਗੇ ਮਾਮਲੇ ਦੇਖਦੀ ਹੈ। 18 ਤੋਂ 23 ਫਰਵਰੀ ਤੱਕ ਪੈਰਿਸ ਵਿਚ ਐਫ. ਏ. ਟੀ. ਐਫ ਪਾਕਿਸਤਾਨ ਵੱਲੋਂ ਪਿਛਲੇ ਕੁੱਝ ਸਮੇਂ ਤੋਂ ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਲਈ ਬਣਾਏ ਗਏ ਕਾਨੂੰਨੀ ਰਸਤਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ। ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਹਾਲ ਹੀ ਵਿਚ ਅੱਤਵਾਦ ਵਿਰੋਧੀ ਕਾਨੂੰਨ 1997 ਵਿਚ ਸੋਧ ਲਈ ਇਕ ਫਰਮਾਨ 'ਤੇ ਦਸਤਖਤ ਕਰ ਦਿੱਤੇ ਹਨ। ਇਸ ਨਵੇਂ ਕਾਨੂੰਨ ਦੇ ਤਹਿਤ ਅੱਤਵਾਦੀ ਸੰਗਠਨਾਂ ਦੇ ਬੈਂਕ ਅਕਾਊਂਟ ਸੀਲ ਕਰਨ, ਅੱਤਵਾਦੀਆਂ ਵਿਰੁੱਧ ਕਾਰਵਾਈ ਵਰਗੇ ਕਈ ਪੱਖ ਹਨ। ਇਸ ਨਵੇਂ ਬਿੱਲ ਤੋਂ ਬਾਅਦ ਜਮਾਤ-ਉਦ-ਦਾਅਵਾ ਨੂੰ ਅੱਤਵਾਦੀ ਸੰਗਠਨ ਕਰਾਰ ਦੇ ਦਿੱਤਾ ਗਿਆ। ਇਸ ਬਿੱਲ ਦਾ ਉਦੇਸ਼ ਯੂਨਾਈਟਡ ਨੈਸ਼ਨਸ ਸਕਿਓਰਿਟੀ ਕੌਂਸਲ (ਯੂ. ਐਨ. ਐਸ. ਸੀ) ਵੱਲੋਂ ਪਾਬੰਦੀਸ਼ੁਦਾ ਸੰਗਠਨਾਂ ਜਿਵੇਂ ਲਸ਼ਕਰ-ਏ-ਤੈਯਬਾ, ਅਲ-ਕਾਇਦਾ ਅਤੇ ਤਾਲਿਬਾਨ ਵਰਗੇ ਸੰਗਠਨਾਂ 'ਤੇ ਵੀ ਲਗਾਮ ਲਗਾਉਣਾ ਹੈ।