ਪਰਮਜੀਤ ਸਰਨਾ ਦਾ ਸਰਦਾਰ ਤਰਲੋਚਨ ਸਿੰਘ ''ਤੇ ਤਿੱਖਾ ਸ਼ਬਦੀ ਹਮਲਾ, ਕਿਹਾ-ਸਾਨੂੰ ਧਰਮਨਿਰਪੱਖਤਾ ਦਾ ਉਪਦੇਸ਼ ਨਾ ਦਿਓ

06/17/2023 5:11:04 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਰਦਾਰ ਤਰਲੋਚਨ ਸਿੰਘ 'ਤੇ ਤੰਜ਼ ਕੱਸਦੇ ਹੋਏ ਕਿਹਾ ਸੀ ਸਾਨੂੰ ਧਰਮਨਿਰਪੱਖਤਾ ਬਾਰੇ ਉਪਦੇਸ਼ ਨਾ ਦਿਓ। ਸਰਨਾ ਨੇ ਕਿਹਾ ਕਿ ਸੰਸਦ ਵਿਚ ਤੁਹਾਡਾ ਕੋਈ ਵੀ ਭਾਸ਼ਣ ਧਰਮਨਿਰਪੱਖਤਾ 'ਤੇ ਕੇਂਦਰਿਤ ਨਹੀਂ ਸੀ। ਸਰਨਾ ਨੇ ਤਰਲੋਚਨ ਸਿੰਘ 'ਤੇ ਜ਼ਬਦੀ ਵਾਰ ਕਰਦੇ ਹੋਏ ਕਿਹਾ,''ਤੁਸੀਂ ਸਿੱਖ ਚਿਹਰੇ ਕਰਕੇ ਸਿੱਖ ਸੰਸਥਾਵਾਂ 'ਚ ਆਪਣੇ ਹਿਤਾਂ ਨੂੰ ਪਹਿਲ ਦਿੰਦੇ ਰਹੇ ਹੋ। ਤੁਸੀਂ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਸਿੱਖ ਦਿੱਖ ਹੋਣ ਕਰ ਕੇ ਬਣੇ ਸੀ, ਨਾ ਕਿ ਧਰਮਨਿਰਪੱਖਤਾ ਕਰ ਕੇ। ਇਸ ਕਰ ਕੇ ਨਿਰਪੱਖਤਾ 'ਤੇ ਆਪਣੇ ਘਟੀਆ ਤਰਕ ਬੰਦ ਕਰੋ।'' 

ਸਰਨਾ ਨੇ ਤਰਲੋਚਨ ਸਿੰਘ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਸਾਨੂੰ ਇਮਾਨਦਾਰੀ ਨਾਲ ਦੱਸੋ ਕਿ ਪਿਛਲੇ 10 ਸਾਲਾਂ 'ਚ ਐੱਸ.ਜੀ.ਬੀ.ਟੀ. ਖਾਲਸਾ ਕਾਲਜ 'ਚ ਕਿੰਨੇ ਸਿੱਖਾਂ ਦੀ ਭਰਤੀ ਕੀਤੀ ਗਈ ਹੈ। ਸਰਨਾ ਨੇ ਕਿਹਾ ਕਿ ਸਾਡੇ ਦਬਾਅ ਕਾਰਨ ਹੀ ਤੁਸੀਂ ਫਰਵਰੀ 2022 ਦੇ ਨੋਟਿਸ ਦੇ ਸਿਲਸਿਲੇ 'ਚ 42 ਸਿੱਖਾਂ ਨੂੰ ਸਿੱਖ ਸੰਸਥਾ 'ਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਸੀ। ਤੁਸੀਂ ਸਾਡਾ ਇਹ ਦਬਾਅ ਵੀ ਆਰ.ਐੱਸ.ਐੱਸ. ਵਿਚ ਆਪਣੇ ਕੱਦ ਨੂੰ ਵਧਾਉਣ ਲਈ ਸਵੀਕਾਰ ਕੀਤਾ। ਤੁਸੀਂ ਭਾਜਪਾ ਵਿਚ ਗਏ, ਰੋਏ ਅਤੇ ਸ਼ਿਕਾਇਤ ਕੀਤੀ ਕਿ ਸਰਨਾ ਸਿੱਖ ਸੰਸਥਾਵਾਂ ਵਿਚ ਗੈਰ-ਸਿੱਖਾਂ ਨੂੰ ਨਿਯੁਕਤ ਨਹੀਂ ਕਰਨ ਦੇ ਰਿਹਾ। ਕੀ ਇਹ ਆਰ.ਐੱਸ.ਐੱਸ. ਵਿਚ ਆਪਣੇ ਕੱਦ ਨੂੰ ਵਧਾਉਣ ਦਾ ਘਟੀਆ ਕਾਰਾ ਨਹੀਂ ਸੀ? ਸਾਨੂੰ ਤੁਹਾਡੇ ਵਾਂਗ ਘੱਟ ਗਿਣਤੀ ਸਿੱਖਾਂ ਲਈ ਧਰਮਨਿਰਪੱਖਤਾ ਦਾ ਪਖੰਡ ਕਰਨਾ ਨਹੀਂ ਆਉਂਦਾ। ਅਸੀਂ ਤੁਹਾਡੀ ਪਹਿਲਾਂ ਨਾਲੋਂ ਵੀ ਤੇੜੇ ਤੋਂ ਨਜ਼ਰਸਾਨੀ ਕਰ ਰਹੇ ਹਾਂ। ਇਸ ਲਈ ਸਾਵਧਾਨ ਰਹੋ, ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਲਈ ਸਿੱਖੀ ਅਤੇ ਧਰਮਨਿਰਪੱਖਤਾ ਦੇ ਵਿਚਕਾਰ ਪੰਘੂੜੇ ਨਾ ਝੂਟੋ। 

ਪਰਮਜੀਤ ਸਰਨਾ ਨੇ ਸਰਦਾਰ ਤਰਲੋਚਨ ਸਿੰਘ ਨੂੰ ਕਿਹਾ ਭਾਵੇਂ ਕੁਝ ਵੀ ਹੋ ਜਾਵੇ, ਅਸੀਂ ਤੁਹਾਨੂੰ ਅੱਗੇ ਤੋਂ ਐੱਸ.ਜੀ.ਬੀ.ਟੀ. ਖਾਲਸਾ ਕਾਲਜ 'ਚ ਸਿੱਖ ਹਿੱਤਾਂ ਨਾਲ ਸਮਝੌਤਾ ਨਹੀਂ ਕਰਨ ਦੇਵਾਂਗੇ, ਕਿਉਂਕਿ ਅਸੀਂ ਤੁਹਾਡੀ ਤਰ੍ਹਾਂ ਸਮਝੌਤਾਵਾਦੀ ਸਿੱਖ ਨਹੀਂ ਹਾਂ। ਸਾਨੂੰ ਘੱਟ ਗਿਣਤੀ ਸਿੱਖ ਭਾਈਚਾਰੇ ਲਈ ਧਰਮਨਿਰਪੱਖਤਾ ਦਾ ਵਿਖਾਵਾ ਕਰਨਾ ਨਹੀਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਜੀਵਨ 'ਚ ਸਭ ਤੋਂ ਬਜ਼ੁਰਗ ਸਿੱਖ ਹੋਣ ਕਾਰਨ ਅਸੀਂ ਪੂਰੇ ਸਨਮਾਨ ਨਾਲ ਤੁਹਾਨੂੰ ਇਹ ਗੱਲ ਸਮਝਾ ਰਹੇ ਹਾਂ।

DIsha

This news is Content Editor DIsha