''ਪੂਰੇ ਦੇਸ਼ ''ਚ ਮੋਦੀ-ਮੋਦੀ ਦਾ ਨਾਅਰਾ, ਜਨਤਾ ਭਾਜਪਾ ਦੇ ਨਾਲ'': ਅਮਿਤ ਸ਼ਾਹ

05/05/2019 2:53:31 PM

ਸੋਨੀਪਤ/ਪਾਨੀਪਤ- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੂਰੇ ਦੇਸ਼ 'ਚ ਅੱਜ ਮੋਦੀ ਮੋਦੀ ਦੇ ਨਾਅਰੇ ਗੂੰਜ ਰਹੇ ਹਨ। ਦੇਸ਼ ਦੀ ਜਨਤਾ ਪੂਰੀ ਤਰ੍ਹਾਂ ਨਾਲ ਭਾਜਪਾ ਦੇ ਨਾਲ ਹੈ। ਜਨਤਾ ਨੇ ਤੈਅ ਕਰ ਲਿਆ ਹੈ ਕਿ ਉਹ ਭਾਜਪਾ ਨੂੰ ਦੋਬਾਰਾ ਸੱਤਾ ਸੌਂਪੇਗੀ। 23 ਮਈ ਤੋਂ ਬਾਅਦ ਨਰਿੰਦਰ ਮੋਦੀ ਦੋਬਾਰਾ ਪ੍ਰਧਾਨ ਮੰਤਰੀ ਬਣਨਗੇ। ਸੋਨੀਪਤ ਅਤੇ ਪਾਨੀਪਤ 'ਚ ਆਯੋਜਿਤ ਰੈਲੀ 'ਚ ਪਹੁੰਚੇ, ਜਿੱਥੇ ਅਮਿਤ ਸ਼ਾਹ ਨੇ  ਕਾਂਗਰਸ ਦੇ ਨਾਲ-ਨਾਲ ਇਨੈਲੋ ਅਤੇ ਚੌਟਾਲਾ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਉਸ ਦੇ ਕੈਬਿਨੇਟ ਮੰਤਰੀ ਅਤੇ ਹੋਰ ਭਾਜਪਾ ਨੇਤਾਵਾਂ ਨੇ ਸਵਾਗਤ ਕੀਤਾ।

ਅੱਜ ਸੋਨੀਪਤ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਪਿਛਲੇ 70 ਸਾਲਾਂ ਤੋਂ ਨਰਿੰਦਰ ਮੋਦੀ ਵਰਗੇ ਨੇਤਾ ਦਾ ਰਾਹ ਦੇਖ ਰਿਹਾ ਸੀ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਚੋਣਾਂ ਆਉਂਦੀਆਂ ਹਨ ਤਾਂ ਰਾਹੁਲ ਬਾਬਾ ਨੂੰ ਗਰੀਬਾਂ ਦੀ ਯਾਦ ਆਉਂਦੀ ਹੈ। ਰਾਹੁਲ ਬਾਬਾ ਤੁਹਾਡੀ ਚੌਥੀ ਪੀੜ੍ਹੀ ਹੈ। ਚਾਰ ਪੀੜ੍ਹੀਆਂ ਤੋਂ ਤੁਸੀਂ ਗਰੀਬੀ ਹਟਾਉਣ ਦੀ ਗੱਲ ਕਰ ਰਹੇ ਹੋ। ਦੱਸ ਦੇਈਏ ਕਿ ਪਾਨੀਪਤ ਤੋਂ ਬਾਅਦ ਅਮਿਤ ਸ਼ਾਹ ਯੁਮਨਾਨਗਰ 'ਚ ਵੀ ਰੈਲੀ ਨੂੰ ਸੰਬੋਧਿਤ ਕਰਨਗੇ। 

ਗਰੀਬਾਂ ਲਈ ਅਣਥੱਕ ਯਤਨ ਕੀਤੇ-
ਅਮਿਤ ਸ਼ਾਹ ਨੇ ਕਿਹਾ ਹੈ ਕਿ ਸਾਲ 2014 'ਚ ਜਦੋਂ ਸਾਡੀ ਭਾਜਪਾ ਸਰਕਾਰ ਬਣੀ ਤਾਂ ਅਸੀਂ ਗਰੀਬ ਜਨਤਾ ਕਈ ਯੋਜਨਾਵਾਂ ਤਿਆਰ ਕੀਤੀਆਂ। ਅਮਿਤ ਸ਼ਾਹ ਨੇ ਕਿਹਾ ਹੈ ਕਿ ਢਾਈ ਕਰੋੜ ਲੋਕਾਂ ਨੂੰ ਆਯੁਸ਼ਮਾਨ ਸਕੀਮ ਦਾ ਲਾਭ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਾ ਯੋਜਨਾ ਸ਼ੁਰੂ ਕੀਤੀ। ਸਾਰਾ ਖਰਚ ਇਹ ਸਰਕਾਰ ਚੁੱਕ ਰਹੀ ਹੈ। 4 ਮਹੀਨੇ ਦੇ ਅੰਦਰ ਹੀ ਨਰਿੰਦਰ ਮੋਦੀ ਸਰਕਾਰ ਨੇ 24 ਲੱਖ 50 ਹਜ਼ਾਰ ਗਰੀਬਾਂ ਦੇ ਮੁਫਤ 'ਚ ਆਪਰੇਸ਼ਨ ਕਰਵਾਏ ਹਨ। 

ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਨੂੰ ਖਤਮ ਕੀਤਾ-
ਅਮਿਤ ਸ਼ਾਹ ਨੇ ਕਿਹਾ ਹੈ ਕਿ ਹੁੱਡਾ ਨੇ ਭ੍ਰਿਸ਼ਟਾਚਾਰ ਕੀਤਾ ਅਤੇ ਚੌਟਾਲਾ ਨੇ ਗੁੰਡਾਗਰਦੀ ਕੀਤੀ। ਇਨ੍ਹਾਂ ਦੋਵਾਂ ਪਰਿਵਾਰਾਂ ਨੇ ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਨਾਲ ਹਰਿਆਣਾ ਦੀ ਜਨਤਾ ਨਾਲ ਕੋਈ ਕਸਰ ਨਹੀਂ ਛੱਡੀ ਹੈ। ਹਰਿਆਣਾ ਨੂੰ ਮਨੋਹਰ ਲਾਲ ਖੱਟੜ ਦੇ ਰੂਪ 'ਚ ਅਜਿਹਾ ਨੇਤਾ ਦਿੱਤਾ ਹੈ, ਜਿਸ ਨੇ ਹਰਿਆਣਾ 'ਚ ਵਿਕਾਸ ਦਾ ਬਿਓਰਾ ਵਧਾ ਦਿੱਤਾ ਹੈ। ਸੂਬੇ 'ਚ ਭ੍ਰਿਸ਼ਟਾਚਾਰੀ ਅਤੇ ਗੁੰਡਾਗਰਦੀ ਦਾ ਵੀ ਖਾਤਮਾ ਕਰ ਦਿੱਤਾ ਹੈ।

ਬਿਨਾਂ ਪੈਸੇ ਤੋਂ ਮਿਲੀਆਂ ਨੌਕਰੀਆਂ-
ਅਮਿਤ ਸ਼ਾਹ ਨੇ ਕਿਹਾ ਹੈ ਕਿ ਹਰਿਆਣਾ 'ਚ ਬਿਨਾਂ ਪੈਸੇ ਤੋਂ ਨੌਕਰੀਆਂ ਮਿਲ ਰਹੀਆਂ ਹਨ ਜੋ ਭਾਜਪਾ ਸਰਕਾਰ ਆਉਣ ਨਾਲ ਹੋਇਆ ਹੈ। ਹੁਣ ਹਰਿਆਣਾ ਭ੍ਰਿਸ਼ਟਾਚਾਰ ਮੁਕਤ ਸੂਬਾ ਬਣ ਗਿਆ ਹੈ। 

ਬੇਟੀ ਪੜਾਓ, ਬੇਟੀ ਬਚਾਓ ਮੁਹਿੰਮ ਦੀ ਸ਼ੁਰੂਆਤ-
ਅਮਿਤ ਸ਼ਾਹ ਨੇ ਕਿਹਾ ਹੈ ਕਿ ਬੇਟੀਆਂ ਨੂੰ ਮਾਰਨ ਨੂੰ ਲੈ ਕੇ ਹਰਿਆਣਾ ਦੀ ਬਦਨਾਮੀ ਹੁੰਦੀ ਸੀ। ਮੋਦੀ ਨੇ ਹਰਿਆਣਾ 'ਚ 'ਬੇਟੀ ਪੜਾਓ ਬੇਟੀ ਬਚਾਓ ' ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਕਾਰਨ ਪੂਰੇ ਦੇਸ਼ 'ਚ ਹਰਿਆਣਾ ਦੀ ਸ਼ਾਨ ਵਧੀ ਹੈ।

ਕਸ਼ਮੀਰ ਨੂੰ ਭਾਰਤ ਤੋਂ ਵੱਖ ਨਹੀਂ ਹੋਣ ਦੇਵਾਂਗੇ-
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਕਸ਼ਮੀਰ 'ਚ ਦੂਜਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਰਾਹੁਲ ਬਾਬਾ ਕੰਨ ਖੋਲ ਕੇ ਸੁਣ ਲਓ ਜਦੋਂ ਤੱਕ ਭਾਜਪਾ ਦੇ ਵਰਕਰਾਂ ਦੇ ਸਰੀਰ 'ਚ ਜਾਨ ਹੈ, ਉਦੋਂ ਤੱਕ ਕਸ਼ਮੀਰ ਨੂੰ ਭਾਰਤ ਤੋਂ ਕੋਈ ਵੱਖ ਨਹੀਂ ਕਰ ਸਕਦਾ ਹੈ।
 

Iqbalkaur

This news is Content Editor Iqbalkaur