ਮਾਨੇਸਰ ਜ਼ਮੀਨ ਮਾਮਲਾ: ਅਦਾਲਤ ''ਚ ਪੇਸ਼ ਹੋਏ ਸਾਬਕਾ CM ਹੁੱਡਾ, 16 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ

12/17/2019 2:40:40 PM

ਚੰਡੀਗੜ੍ਹ—ਹਰਿਆਣਾ ਦੀ ਵਿਸ਼ੇਸ਼ ਸੀ.ਬੀ.ਆਈ ਅਦਾਲਤ 'ਚ ਸੋਮਵਾਰ ਨੂੰ ਮਾਨੇਸਰ ਲੈਂਡ ਸਕੈਮ ਮਾਮਲੇ 'ਚ ਸੁਣਵਾਈ ਹੋਈ ਸੀ। ਇਸ ਮਾਮਲੇ ਦੇ ਮੁੱਖ ਦੋਸ਼ੀ ਅਤੇ ਹਰਿਆਣਾ ਦਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹੋਰ ਸਾਰੇ ਦੋਸ਼ੀ ਸੀ.ਬੀ.ਆਈ ਅਦਾਲਤ 'ਚ ਪੇਸ਼ ਹੋਏ। ਸੁਣਵਾਈ ਦੌਰਾਨ ਦੋਸ਼ਾਂ 'ਤੇ ਬਹਿਸ ਕੀਤੀ ਜਾਣੀ ਸੀ ਪਰ ਮਾਮਲੇ 'ਚ ਇੱਕ ਦੋਸ਼ੀ ਦੇ ਵਕੀਲ ਦੇ ਪਿਤਾ ਦੀ ਮੌਤ ਹੋਣ ਕਾਰਨ ਵਕੀਲ ਅਦਾਲਤ 'ਚ ਪੇਸ਼ ਨਹੀਂ ਹੋਇਆ, ਜਿਸ ਕਾਰਨ ਅਦਾਲਤ 'ਚ ਚਾਰਜ 'ਤੇ ਬਹਿਸ ਨਹੀਂ ਹੋ ਸਕੀ।

ਪਿਛਲੀ ਸੁਣਵਾਈ ਦੌਰਾਨ ਮਾਮਲੇ 'ਚ ਦੋਸ਼ੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ ਸਾਰੇ ਦੋਸ਼ੀਆਂ 'ਤੇ ਦੋਸ਼ਾਂ ਨੂੰ ਲੈ ਕੇ ਅਦਾਲਤ 'ਚ ਬਹਿਸ ਸ਼ੁਰੂ ਹੋ ਚੁੱਕੀ ਹੈ। ਹੁਣ ਦੋ ਦੋਸ਼ੀਆਂ ਅਨਿਲ ਬਤਰਾ ਅਤੇ ਗੌਰਵ ਚੌਧਰੀ 'ਤੇ ਲੱਗੇ ਦੋਸ਼ਾਂ 'ਚੇ ਬਹਿਸ ਹੋਣੀ ਬਾਕੀ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 16 ਜਨਵਰੀ ਨੂੰ ਹੋਵੇਗੀ।

ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮੇਤ 34 ਦੋਸ਼ੀਆਂ ਦੇ ਖਿਲਾਫ ਸੀ.ਬੀ.ਆਈ. ਨੇ ਸੀ.ਬੀ.ਆਈ. ਦੀ ਵਿਸ਼ੇਸ ਅਦਾਲਤ 'ਚ ਚਾਰਜਸ਼ੀਟ ਫਾਇਲ ਕੀਤੀ ਸੀ। ਹੁਣ ਇਸ ਮਾਮਲੇ 'ਚ ਪੰਚਕੂਲਾ ਦੀ ਵਿਸ਼ੇਸ ਸੀ.ਬੀ.ਆਈ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ, ਜਿਸ 'ਚ ਹੁੱਡਾ ਤੋਂ ਇਲਾਵਾ ਐੱਮ.ਐੱਲ ਤਾਇਲ, ਛੱਤਰ ਸਿੰਘ, ਐੱਸ ਐੱਸ ਢਿੱਲੋ, ਸਾਬਕਾ ਡੀ.ਟੀ.ਪੀ. ਜਸਵੰਤ ਸਿੰਘ ਸਮੇਤ ਕਈ ਬਿਲਡਰਾਂ ਖਿਲਾਫ ਚਾਰਜਸ਼ੀਟ 'ਚ ਨਾਂ ਆਇਆ ਹੈ। ਮਾਨੇਸਰ ਜ਼ਮੀਨ ਘੋਟਾਲੇ ਨੂੰ ਲੈ ਕੇ ਸੀ.ਬੀ.ਆਈ. ਨੇ ਹੁੱਡਾ ਸਮੇਤ 34 ਲੋਕਾਂ ਖਿਲਾਫ 17 ਸਤੰਬਰ 2015 ਨੂੰ ਮਾਮਲਾ ਦਰਜ ਕੀਤਾ ਸੀ।


Iqbalkaur

Content Editor

Related News