ਜੰਮੂ-ਕਸ਼ਮੀਰ ’ਚ ਹਮਲੇ ਦੀ ਯੋਜਨਾ ਬਣਾ ਰਹੀਆਂ ਪਾਕਿ ਖੁਫੀਆ ਏਜੰਸੀਆਂ

09/19/2023 1:16:14 PM

ਪੁੰਛ, (ਧਨੁਜ)- ਕਸ਼ਮੀਰ ਵਾਦੀ ਦੇ ਕੋਕਰਨਾਗ ਇਲਾਕੇ ’ਚ ਪਾਕਿਸਤਾਨੀ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ’ਚ 4 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੇਸ਼ ’ਚ ਪਾਕਿਸਤਾਨ ਅਤੇ ਅੱਤਵਾਦ ਖਿਲਾਫ ਗੁੱਸੇ ਦੀ ਲਹਿਰ ਹੈ। ਦੇਸ਼ ਭਰ ਦੇ ਲੋਕ ਅੱਤਵਾਦ ਦੇ ਖਾਤਮੇ ਅਤੇ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰ ਰਹੇ ਹਨ।

ਦੂਜੇ ਪਾਸੇ, ਭਾਰਤੀ ਸੁਰੱਖਿਆ ਫੋਰਸਾਂ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾਉਣ ਤੋਂ ਬਾਅਦ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਕੁਝ ਹੋਰ ਹਮਲੇ ਕਰਨ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਤੋਂ ਮਿਲੀ ਠੋਸ ਜਾਣਕਾਰੀ ਅਨੁਸਾਰ ਆਈ. ਐੱਸ. ਆਈ. ਅੱਤਵਾਦੀ ਸੰਗਠਨਾਂ ’ਤੇ ਦਬਾਅ ਬਣਾ ਰਹੀ ਹੈ ਕਿ ਪੁੰਛ, ਰਾਜੌਰੀ ਜ਼ਿਲੇ ’ਚ ਕੰਟਰੋਲ ਲਾਈਨ ’ਤੇ ਵੱਡੇ ਬੈਟ ਹਮਲੇ ਨੂੰ ਅੰਜਾਮ ਦੇ ਕੇ ਭਾਰਤੀ ਫੌਜ ਨੂੰ ਨੁਕਸਾਨ ਪਹੁੰਚਾਉਣ ਜਾਵੇ।

ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਨੇ ਪੂਰੀ ਰਣਨੀਤੀ ਤਿਆਰ ਕੀਤੀ ਹੈ ਜਿਸ ਲਈ ਓ. ਜੀ. ਡਬਲਿਊ. ਦੀ ਮਦਦ ਨਾਲ ਸਥਿਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਕੰਟਰੋਲ ਲਾਈਨ ਦੇ ਪਾਰ ਅੱਤਵਾਦੀ, ਪਾਕਿਸਤਾਨੀ ਫੌਜ ਅਤੇ ਆਈ. ਐੱਸ. ਆਈ. ’ਚ ਭਾਰਤ ਵੱਲੋਂ ਕਿਸੇ ਵੱਡੀ ਕਾਰਵਾਈ ਨੂੰ ਲੈ ਕੇ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਕੰਟਰੋਲ ਲਾਈਨ ਦੇ ਉਸ ਪਾਰ ਅੱਤਵਾਰੀ ਸਿਖਲਾਈ ਕੈਂਪ ਰਿਹਾਇਸ਼ੀ ਇਲਾਕਿਆਂ ਵਿਚ ਤਬਦੀਲ ਕਰ ਕੇ ਚੌਕਸੀ ਵਰਤੀ ਜਾ ਰਹੀ ਹੈ।

ਪਾਕਿਸਤਾਨ ਤੇ ਪੀ. ਓ. ਕੇ. ’ਚ ਮੌਜੂਦ ਮੁੱਖ ਅੱਤਵਾਦੀਆਂ ਦੀ ਸੁਰੱਖਿਆ ਵਧੀ

ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਪੀ. ਓ. ਕੇ. ’ਚ ਮੌਜੂਦ ਮੁੱਖ ਅੱਤਵਾਦੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅੱਤਵਾਦੀਆਂ ਦੇ ਨਿਵਾਸ ਸਥਾਨਾਂ ’ਤੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ, ਜਿਸ ’ਚ ਅੱਤਵਾਦੀਆਂ ਦੀ ਸੁਰੱਖਿਆ ਲਈ ਸ਼ਾਰਪ ਸ਼ੂਟਰ ਅਤੇ ਸਨਾਈਪਰ ਵੀ ਤਾਇਨਾਤ ਕੀਤੇ ਗਏ ਹਨ, ਜਦਕਿ ਪਾਕਿਸਤਾਨੀ ਫੌਜ ਵਲੋਂ ਅੱਤਵਾਦੀਆਂ ਦੀ ਸੁਰੱਖਿਆ ਲਈ ਘੇਰਾਬੰਦੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਕਈ ਵੱਡੇ ਅੱਤਵਾਦੀਆਂ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ. ਦੀਆਂ ਹਦਾਇਤਾਂ ’ਤੇ ਜ਼ਮੀਨਦੋਜ਼ ਵੀ ਕਰ ਦਿੱਤਾ ਗਿਆ ਹੈ।

Rakesh

This news is Content Editor Rakesh