ਭਾਰਤ ਦੀ ਦਰਿਆਦਿਲੀ: ਗਲਤੀ ਨਾਲ ਭਾਰਤੀ ਸਰਹੱਦ ’ਚ ਦਾਖ਼ਲ ਹੋਇਆ ਪਾਕਿਸਤਾਨੀ ਬੱਚਾ, BSF ਨੇ ਭੇਜਿਆ ਵਾਪਸ

04/03/2021 6:26:29 PM

ਬਾੜਮੇਰ (ਭਾਸ਼ਾ)— ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਤੋਂ ਗਲਤੀ ਨਾਲ ਕੌਮਾਂਤਰੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ’ਚ ਆ ਗਏ 8 ਸਾਲ ਦੇ ਇਕ ਮੁੰਡੇ ਨੂੰ ਉਸ ਨੇ ਪਾਕਿਸਤਾਨੀ ਰੇਂਜਰਸ ਨੂੰ ਸੌਂਪਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਬਾੜਮੇਰ ਸੈਕਟਰ ਵਿਚ ਸਰਹੱਦ ਜਾਂਚ ਚੌਕੀ ਨੇੜੇ ਇਹ ਮੁੰਡਾ ਭਾਰਤੀ ਖੇਤਰ ਵਿਚ ਪਹੁੰਚ ਗਿਆ ਸੀ। ਬੀ. ਐੱਸ. ਐੱਫ. ਨੇ ਇਕ ਬਿਆਨ ਵਿਚ ਕਿਹਾ ਕਿ ਸਦਭਾਵਨਾ ਦੇ ਤੌਰ ’ਤੇ ਬੀ. ਐੱਸ. ਐੱਫ. ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਰੇਂਜਰਸ ਨਾਲ ਫਲੈਗ ਮੀਟਿੰਗ ’ਚ ਇਸ ਪਾਕਿਸਤਾਨੀ ਨਾਬਾਲਗ ਮੁੰਡੇ ਨੂੰ ਸੌਂਪਿਆ। 

ਅਧਿਕਾਰੀਆਂ ਮੁਤਾਬਕ 2 ਅਪ੍ਰੈਲ ਨੂੰ ਕਰੀਬ 8 ਸਾਲ ਦਾ ਮੰੁੰਡਾ ਅਣਜਾਣੇ ਵਿਚ ਕੌਮਾਂਤਰੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ਵਿਚ ਦਾਖ਼ਲ ਹੋ ਗਿਆ ਸੀ ਅਤੇ ਉਹ ਬਾੜਮੇਰ ਸੈਕਟਰ ਦੇ ਸੋਮਰਾਰ ਸੀਮਾ ਜਾਂਚ ਚੌਕੀ ਨੇੜੇ ਸੀਮਾ ਸੁਰੱਖਿਆ ਵਾੜ ਕੋਲ ਪਹੁੰਚ ਗਿਆ ਸੀ। ਬੀ. ਐੱਸ. ਐੱਫ. ਨੇ ਦੱਸਿਆ ਕਿ ਚੌਕੰਨੇ ਨੌਜਵਾਨਾਂ ਨੇ ਮੁੰਡੇ ਨੂੰ ਵੇਖਿਆ ਅਤੇ ਉਸ ਨੂੰ ਵਾਪਸ ਜਾਣ ਨੂੰ ਕਿਹਾ। ਬੀ. ਐੱਸ. ਐੱਫ. ਮੁਤਾਬਕ ਵਰਦੀ ਵਿਚ ਜਵਾਨਾਂ ਨੂੰ ਵੇਖ ਕੇ ਮੁੰਡੇ ਨੇ ਰੋਣਾ ਸ਼ੁਰੂ ਕਰ ਦਿੱਤਾ ਪਰ ਜਵਾਨਾਂ ਨੇ ਉਸ ਨੂੰ ਚੁੱਪ ਕਰਵਾਇਆ ਅਤੇ ਉਸ ਨੂੰ ਖਾਣ-ਪੀਣ ਲਈ ਬਿਸਕੁੱਟ ਅਤੇ ਚਾਕਲੇਟ ਦਿੱਤੀਆਂ। 

ਅਧਿਕਾਰੀਆਂ ਮੁਤਾਬਕ ਅਜਿਹਾ ਲੱਗ ਰਿਹਾ ਸੀ ਕਿ ਮੁੰਡਾ ਰਾਹ ਭੁੱਲ ਗਿਆ, ਕਿਉਂਕਿ ਨੇੜੇ ਪਾਕਿਸਤਾਨ ਪਿੰਡ ਸੋਮਰਾਰ ਉਸ ਥਾਂ ਤੋਂ ਤਿੰਨ ਕਿਲੋਮੀਟਰ ਦੂਰ ਸੀ, ਜਿੱਥੇ ਬੀ. ਐੱਸ. ਐੱਫ. ਨੂੰ ਇਹ ਮੁੰਡਾ ਮਿਲਿਆ। ਬਿਆਨ ’ਚ ਕਿਹਾ ਗਿਆ ਕਿ ਹੈੱਡਕੁਆਰਟਰ ਤੋਂ ਨਿਰਦੇਸ਼ ਮਿਲਣ ਦੇ ਤੁਰੰਤ ਬਾਅਦ ਪਾਕਿਸਤਾਨੀ ਰੇਂਜਰਸ ਨਾਲ ਫਲੈਗ ਮੀਟਿੰਗ ਕੀਤੀ ਗਈ ਅਤੇ ਨਾਬਾਲਗ ਮੁੰਡਾ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ। 

Tanu

This news is Content Editor Tanu