ਸਾਂਬਾ-ਕਠੂਆ ਸੈਕਟਰ 'ਚ ਪਾਕਿ ਵਲੋਂ 15 ਚੌਕੀਆਂ 'ਤੇ ਗੋਲੀਬਾਰੀ, ਜਵਾਨ ਸਮੇਤ 2 ਜ਼ਖਮੀ

05/18/2018 11:24:28 AM

ਸਾਂਬਾ/ਜੰਮੂ— ਪਾਕਿਸਤਾਨੀ ਰੇਂਜਰਾਂ ਨੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਸਾਂਬਾ ਅਤੇ ਕਠੂਆ ਸੈਕਟਰ 'ਚ 15 ਸਰਹੱਦੀ ਚੌਕੀਆਂ ਅਤੇ ਕੁਝ ਰਿਹਾਇਸ਼ੀ ਖੇਤਰਾਂ 'ਚ ਵੀਰਵਾਰ ਗੋਲੀਬਾਰੀ ਕੀਤੀ ਅਤੇ ਨਾਲ ਹੀ ਮੋਰਟਾਰ ਦੇ ਗੋਲੇ ਵੀ ਦਾਗੇ। ਇਸ ਕਾਰਨ ਬੀ. ਐੱਸ. ਐੱਫ. ਦੇ ਇਕ ਜਵਾਨ ਸਮੇਤ 2 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀ ਹੋਏ ਜਵਾਨ ਅਤੇ ਇਕ ਨਾਗਰਿਕ, ਜਿਸ ਦੀ ਪਛਾਣ ਦੋਸਤਰਾਮ ਵਜੋਂ ਹੋਈ ਹੈ, ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 
ਬੀ. ਐੱਸ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਂਬਾ ਅਤੇ ਕਠੂਆ ਦੇ ਹੀਰਾਨਗਰ ਸੈਕਟਰ 'ਚ ਗੋਲੀਬਾਰੀ ਅਤੇ ਮੋਰਟਾਰ ਦੇ ਗੋਲੇ ਦਾਗਣ ਦੀ ਸ਼ੁਰੂਆਤ ਤੜਕੇ 2 ਵਜੇ ਸ਼ੁਰੂ ਹੋਈ। ਸਰਹੱਦ ਦੀ ਸੁਰੱਖਿਆ ਲਈ ਤਾਇਨਾਤ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। 
ਗੋਲੀਬਾਰੀ ਨੂੰ ਧਿਆਨ 'ਚ ਰੱਖਦਿਆਂ ਸਰਹੱਦ ਦੇ 5 ਕਿਲੋਮੀਟਰ ਦੇ ਘੇਰੇ 'ਚ ਆਉਣ ਵਾਲੇ ਸਭ ਸਕੂਲਾਂ ਨੂੰ ਪ੍ਰਸ਼ਾਸਨ ਨੇ ਬੰਦ ਕਰਵਾ ਦਿੱਤਾ ਹੈ। ਸਰਹੱਦ ਪਾਰ ਤੋਂ ਹੋਣ ਵਾਲੀ ਫਾਇਰਿੰਗ ਅਤੇ ਗੋਲਾਬਾਰੀ ਕਾਰਨ ਰੀਗਲ, ਚਿਲਯਾੜੀ, ਚਚਵਾਲ, ਮਾਗੂ ਚੱਕ, ਸੁਚੇਤਗੜ੍ਹ, ਬੋਬੀਆਂ, ਕਰੋਲ ਕਾਟਵ, ਮਨਯਾਰੀ, ਚੰਨ ਲਾਲ ਦੀਨ ਆਦਿ ਪਿੰਡਾਂ ਦੇ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ।  ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਪੁਲਸ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 2 ਦਿਨ ਪਹਿਲਾਂ ਵੀ ਪਾਕਿਸਤਾਨੀ ਫੌਜੀਆਂ ਨੇ ਕੌਮਾਂਤਰੀ ਸਰਹੱਦ ਦੇ ਸਾਂਬਾ ਸੈਕਟਰ 'ਚ ਘੁਸਪੈਠੀਆਂ ਦੀ ਮਦਦ ਕਰਨ ਲਈ ਗੋਲੀਬੰਦੀ ਦੀ ਉਲੰਘਣਾ ਕਰ ਕੇ ਅਗਲੇਰੀਆਂ ਸਰਹੱਦ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਦੌਰਾਨ ਬੀ. ਐੱਸ. ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਜੰਮੂ-ਕਸ਼ਮੀਰ ਦੇ ਦੌਰੇ 'ਤੇ ਆ ਰਹੇ ਹਨ।