ਪਾਕਿ ਪ੍ਰਧਾਨ ਮੰਤਰੀ ਨੇ ਹਵਾਲਾ ਵਪਾਰੀ ਨੂੰ ਚਿੱਠੀ ਭੇਜ ਕੇ ਵਿਗਾੜੇ ਕਸ਼ਮੀਰ ਦੇ ਹਾਲਾਤ : ਐੱਨ. ਆਈ. ਏ.

02/04/2018 2:44:51 PM

ਨਵੀਂ ਦਿੱਲੀ — ਕਸ਼ਮੀਰ 'ਚ ਹਾਲਾਤ ਵਿਗੜਨ ਨੂੰ ਲੈ ਕੇ ਪਾਕਿਸਤਾਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਦਾਲਤ ਵਿਚ ਅਜਿਹੇ ਦਸਤਾਵੇਜ਼ ਪੇਸ਼ ਕੀਤੇ ਹਨ, ਜਿਨ੍ਹਾਂ ਤੋਂ ਇਹ ਤਸਦੀਕ ਹੁੰਦਾ ਹੈ ਕਿ ਇਕ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਘਾਟੀ ਦੇ ਮੁੱਖ ਹਵਾਲਾ ਵਪਾਰੀ ਜ਼ਹੂਰ ਅਹਿਮਦ ਸ਼ਾਹ ਵਟਾਲੀ ਨੂੰ ਚਿੱਠੀ ਲਿਖੀ ਸੀ।
ਵਟਾਲੀ ਨੂੰ ਪਾਕਿਸਤਾਨ ਹਾਈ ਕਮਿਸ਼ਨ ਫੰਡਿੰਗ ਕਰਦਾ ਹੈ ਅਤੇ ਉਹ ਇਸ ਪੈਸੇ ਦੀ ਵਰਤੋਂ ਕਸ਼ਮੀਰ ਘਾਟੀ 'ਚ ਦੇਸ਼ ਵਿਰੋਧੀ ਸਰਗਰਮੀਆਂ ਨੂੰ ਚਲਾਉਣ ਲਈ ਕਰਦਾ ਹੈ। ਐੱਨ. ਆਈ. ਏ. ਦਾ ਇਹ ਵੀ ਦਾਅਵਾ ਹੈ ਕਿ ਜੰਮੂ ਅਤੇ ਕਸ਼ਮੀਰ 'ਚ ਪੱਥਰਬਾਜ਼ੀ ਦੀਆਂ ਘਟਨਾਵਾਂ ਅਮਨ ਅਤੇ ਕਾਨੂੰਨ ਨਾਲ ਜੁੜੀ ਸਮੱਸਿਆ ਨਹੀਂ, ਸਗੋਂ ਇਹ ਪਾਕਿਸਤਾਨ ਦੇ ਸਮਰਥਨ ਅਤੇ ਫੰਡਿੰਗ ਰਾਹੀਂ ਸਈਦ ਅਲੀ ਸ਼ਾਹ ਗਿਲਾਨੀ ਵਰਗੇ ਹੁਰੀਅਤ ਆਗੂਆਂ ਅਤੇ ਹਾਫਿਜ਼ ਸਈਦ ਤੇ ਸਈਦ ਸਲਾਹੂਦੀਨ ਵਰਗੇ ਅੱਤਵਾਦੀਆਂ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਇਨ੍ਹਾਂ ਸਬੂਤਾਂ ਤੋਂ ਪਾਕਿ ਸਰਕਾਰ, ਆਈ. ਐੱਸ. ਆਈ. ਅਤੇ ਜੰਮੂ-ਕਸ਼ਮੀਰ ਦੇ ਹੁਰੀਅਤ ਆਗੂਆਂ ਦਾ ਗਠਜੋੜ ਬੇਨਕਾਬ ਹੋ ਗਿਆ ਹੈ। ਇਹ ਚਿੱਠੀ ਕਿਹੜੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਲਿਖੀ, ਇਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ।