ਯੂ. ਐੱਨ. ''ਚ ਭਾਰਤ ਨੇ ਪਾਕਿਸਤਾਨ ਨੂੰ ਕੀਤਾ ਸ਼ਰਮਸਾਰ, ਦਿੱਤਾ ਸਖਤ ਬਿਆਨ

09/22/2017 11:31:47 AM

ਨਿਊਯਾਰਕ— ਯੂ. ਐੱਨ. 'ਚ ਭਾਰਤ ਨੇ ਪਾਕਿਸਤਾਨ ਨੂੰ ਸ਼ਰਮਸਾਰ ਕਰਦਿਆਂ ਉਸ ਨੂੰ ਸਖਤ ਸੰਦੇਸ਼ ਦਿੱਤਾ ਹੈ। ਭਾਰਤ ਨੇ ਪਾਕਿਸਤਾਨ ਨੂੰ ਸਿੱਧਾ-ਸਿੱਧਾ ਕਿਹਾ ਕਿ ਕਸ਼ਮੀਰ ਭਾਰਤ ਦਾ ਹੈ ਅਤੇ ਪਾਕਿਸਤਾਨ ਇਸ 'ਤੇ ਕੋਈ ਗਲਤਫਹਿਮੀ ਨਾ ਪਾਲੇ। 
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੇ ਝੂਠ 'ਤੇ ਭਾਰਤ ਨੇ ਪਲਟਵਾਰ ਕੀਤਾ। ਭਾਰਤ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਦਾ ਗੜ੍ਹ ਹੈ ਅਤੇ ਦੁਨੀਆ ਨੂੰ ਮਨੁੱਖੀ ਅਧਿਕਾਰਾਂ 'ਤੇ ਪਾਕਿਸਤਾਨ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਪਾਕਿਸਤਾਨ ਆਪਣੀ ਹੀ ਜ਼ਮੀਨ 'ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦਾ ਰਿਹਾ ਹੈ ਅਤੇ ਕਰ ਰਿਹਾ ਹੈ। ਭਾਰਤ ਨੇ ਸਖਤ ਸ਼ਬਦਾਂ 'ਚ ਪਾਕਿਸਤਾਨ ਨੂੰ ਕਿਹਾ ਕਿ ਪਾਕਿਸਤਾਨ ਇਹ ਚੰਗੀ ਤਰ੍ਹਾਂ ਸਮਝ ਲਵੇ ਕਿ ਕਸ਼ਮੀਰ ਸਾਡਾ ਹੈ ਅਤੇ ਸਾਡਾ ਹੀ ਰਹੇਗਾ।
ਪਾਕਿਸਤਾਨ 'ਤੇ ਭਾਰਤ ਦਾ ਤਿੱਖਾ ਪਲਟਵਾਰ
ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਨੇ ਇਕ ਵਾਰ ਫਿਰ ਕਸ਼ਮੀਰ 'ਤੇ ਆਪਣਾ ਓਹੀ ਪੁਰਾਣਾ ਰਾਗ ਅਲਾਪਿਆ। ਆਮ ਸਭਾ 'ਚ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੇ ਦਾਅਵਾ ਕੀਤਾ ਕਿ ਕਸ਼ਮੀਰ ਮਸਲੇ 'ਤੇ ਭਾਰਤ ਨੇ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਦਾ ਪਾਲਣ ਨਹੀਂ ਕੀਤਾ, ਉੱਥੇ ਹੀ ਦੂਜੇ ਪਾਸੇ ਬ੍ਰਿਕਸ ਮੰਤਰੀ ਪੱਧਰ ਦੀ ਮੀਟਿੰਗ ਦੇ ਮੰਚ 'ਤੇ ਸੁਸ਼ਮਾ ਸਵਰਾਜ ਨੇ ਕਿਹਾ ਕਿ ਦੱਖਣੀ ਏਸ਼ੀਆ 'ਚ ਅਜਿਹੇ ਦੇਸ਼ ਹਨ, ਜੋ ਅੱਤਵਾਦ ਨੂੰ ਪਨਾਹ ਦੇ ਰਹੇ ਹਨ। ਜਿਸ ਦਾ ਸਿੱਧਾ ਨਿਸ਼ਾਨਾ ਪਾਕਿਸਤਾਨ 'ਤੇ ਸੀ। 
ਸੰਯੁਕਤ ਰਾਸ਼ਟਰ ਆਮ ਸਭਾ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੇ ਕਿਹਾ,''ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ, ਜੋ ਕਸ਼ਮੀਰ 'ਚ ਜਨਮਤ ਸੰਗ੍ਰਹਿ ਦੀ ਗੱਲ ਕਰਦਾ ਹੈ। ਕਸ਼ਮੀਰੀਆਂ ਨੂੰ ਆਪਣੀ ਕਿਸਮਤ ਦਾ ਫੈਸਲਾ ਕਰਨ ਦੀ ਇਜਾਜ਼ਤ ਦੇਣ ਦੀ ਥਾਂ ਭਾਰਤ ਨੇ ਇੱਥੇ 7 ਲੱਖ ਸੁਰੱਖਿਆ ਬਲਾਂ ਦੀ ਤੈਨਾਤੀ ਕੀਤੀ ਹੈ। 
ਆਪਣੀ ਧਰਤੀ 'ਤੇ ਅੱਤਵਾਦੀਆਂ ਨੂੰ ਸ਼ਹਿ ਦੇ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੋਸ਼ ਲਗਾਇਆ ਕਿ ਕਸ਼ਮੀਰ 'ਚ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਬਾਸੀ ਨੇ ਘਾਟੀ 'ਚ ਪੈਲੇਟ ਗਨ ਦੀ ਵਰਤੋਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਭਾਰਤ ਕਸ਼ਮੀਰ 'ਚ ਪੈਲੇਟ ਗਨ ਦੀ ਵਰਤੋਂ ਬੰਦ ਕਰੇ। ਅੱਬਾਸੀ ਨੇ ਕਸ਼ਮੀਰ ਘਾਟੀ 'ਚ ਮਨੁੱਖੀ ਅਧਿਕਾਰ ਉਲੰਘਣ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਪਾਕਿਸਤਾਨ ਕਸ਼ਮੀਰ 'ਚ ਭਾਰਤ ਦੇ ਅਪਰਾਧ ਦੀ ਕੌਮਾਂਤਰੀ ਜਾਂਚ ਦੀ ਮੰਗ ਕਰਦਾ ਹੈ।'' ਜਦੋਂ ਕਿ ਪੂਰਾ ਵਿਸ਼ਵ ਜਾਣਦਾ ਹੈ ਕਿ ਪਾਕਿਸਤਾਨ ਬਲੋਚਿਸਤਾਨ 'ਚ ਕਿਵੇਂ ਬੇਕਸੂਰਾਂ 'ਤੇ ਕਹਿਰ ਢਾਅ ਰਿਹਾ ਹੈ ਅਤੇ ਬੱਚੇ ਤਕ ਵੀ ਨਹੀਂ ਬਖਸ਼ੇ ਜਾ ਰਹੇ।  
ਪਾਕਿਸਤਾਨ ਅੱਤਵਾਦੀ ਦੇਸ਼ ਹੋਵੇ ਐਲਾਨ 
ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦਫਤਰ ਦੇ ਬਾਹਰ ਪਾਕਿਸਤਾਨ ਨੂੰ ਉਦੋਂ ਸ਼ਰਮਿੰਦਗੀ ਝੱਲਣੀ ਪਈ ਜਦੋਂ ਬਲੋਚਿਸਤਾਨ ਦੇ ਲੋਕਾਂ ਨੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕੀਤੀ। ਬਲੂਚ ਲੋਕਾਂ ਨੇ ਪਾਕਿਸਤਾਨ ਖਿਲਾਫ ਨਾਅਰੇ ਲਗਾਏ ਅਤੇ ਕਿਹਾ ਕਿ ਪਾਕਿਸਤਾਨ ਬਲੋਚਿਸਤਾਨ ਨੂੰ ਆਜ਼ਾਦ ਕਰੇ। ਪ੍ਰਦਰਸ਼ਨਕਾਰੀਆਂ ਨੇ ਬਲੋਚਿਸਤਾਨ ਅਤੇ ਸਿੰਧ ਦੀ ਆਜ਼ਾਦੀ ਦੀ ਮੰਗ ਕਰਦੇ ਹੋਏ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨ ਕਰਨ ਦੀ ਮੰਗ ਕੀਤੀ।