ਭਾਰਤੀ ਹਵਾਈ ਖੇਤਰ ’ਚ ਦਾਖਲ ਹੋਇਆ ਪਾਕਿਸਤਾਨੀ ਜਹਾਜ਼, ਸੁਰੱਖਿਆ ਏਜੰਸੀਆਂ ਅਲਰਟ

06/08/2023 11:55:08 AM

ਜੰਮੂ, (ਉਦੈ)- ਬੁੱਧਵਾਰ ਸਵੇਰੇ ਕਰੀਬ 8.30 ਵਜੇ ਅਖਨੂਰ ਦੇ ਸਰਹੱਦੀ ਖੌਰ ਸੈਕਟਰ ਦੇ ਨੇੜਲੇ ਖੇਤਰ ਵਿਚ ਇਕ ਪਾਕਿਸਤਾਨੀ ਜਹਾਜ਼ ਦਾਖਲ ਹੋ ਗਿਆ, ਜਿਸ ਨਾਲ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਰਹੱਦੀ ਇਲਾਕੇ ਦੇ ਵਸਨੀਕਾਂ ਨੇ ਇਸ ਸਬੰਧੀ ਉਥੇ ਤਾਇਨਾਤ ਸੁਰੱਖਿਆ ਬਲਾਂ ਨੂੰ ਸੂਚਿਤ ਕੀਤਾ।

ਜ਼ਿਕਰਯੋਗ ਹੈ ਕਿ ਜ਼ਿਲਾ ਰਾਜੌਰੀ ਦੇ ਸੁੰਦਰਬਨੀ ਇਲਾਕੇ ’ਚ ਸਥਿਤ ਕੰਟਰੋਲ ਲਾਈਨ ’ਤੇ ਉੱਡਣ ਤੋਂ ਬਾਅਦ ਪਾਕਿਸਤਾਨੀ ਹਵਾਈ ਜਹਾਜ਼ ਵਾਪਸ ਪਾਕਿ ਸਰਹੱਦ ’ਚ ਦਾਖ਼ਲ ਹੋ ਗਿਆ ਸੀ। ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ਤੋਂ ਉਡਾਣ ਭਰਨ ਵਾਲਾ ਯਾਤਰੀ ਜਹਾਜ਼ ਜਿਵੇਂ ਹੀ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਇਆ, ਭਾਰਤੀ ਹਵਾਈ ਸੈਨਾ ਅਤੇ ਫੌਜ ਸਮੇਤ ਹੋਰ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ।

ਫ਼ੌਜੀ ਸੂਤਰਾਂ ਮੁਤਾਬਕ ਖ਼ਰਾਬ ਮੌਸਮ ਕਾਰਨ ਰੂਟ ਬਦਲਣ ਕਾਰਨ ਜਹਾਜ਼ ਗ਼ਲਤੀ ਨਾਲ ਭਾਰਤੀ ਖੇਤਰ ਵਿਚ ਦਾਖ਼ਲ ਹੋ ਗਿਆ ਸੀ। ਸੂਤਰਾਂ ਮੁਤਾਬਕ ਭਾਰਤੀ ਹਵਾਈ ਖੇਤਰ ’ਚ ਦਾਖਲ ਹੋਣ ਵਾਲਾ ਜਹਾਜ਼ ਸਾਊਦੀ ਅਰਬ ਦਾ ਸੀ, ਜਿਸ ਨੇ ਸਵੇਰੇ 8 ਵਜੇ ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ਤੋਂ ਸ਼ਾਰਜਾਹ ਲਈ ਉਡਾਣ ਭਰੀ ਸੀ ਅਤੇ ਟੇਕ ਆਫ ਕਰਦੇ ਸਮੇਂ ਭਾਰਤੀ ਖੇਤਰ ’ਚ ਦਾਖਲ ਹੋ ਗਿਆ ਸੀ।

Rakesh

This news is Content Editor Rakesh