ਪਾਕਿਸਤਾਨ ਨੇ ਫਿਰ ਅਲਾਪਿਆ ''ਕਸ਼ਮੀਰ ਰਾਗ'', ਭਾਰਤ ਨੂੰ ਦੇ ਰਿਹਾ ਗਿੱਦੜ ਭਬਕੀ

04/29/2023 11:43:53 PM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਸ਼ਨੀਵਾਰ ਨੂੰ ਕਿਹਾ ਕਿ ਹਥਿਆਰਬੰਦ ਬਲ ਦੇਸ਼ ਦੀ ਰੱਖਿਆ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਕਦੇ ਵੀ ਕਮਜ਼ੋਰੀ ਦੇ ਰੂਪ 'ਚ ਨਹੀਂ ਦੇਖਿਆ ਜਾਣਾ ਚਾਹੀਦਾ। ਮੁਨੀਰ ਖੈਬਰ ਪਖਤੂਨਖਵਾ ਸੂਬੇ ਦੇ ਐਬਟਾਬਾਦ ਜ਼ਿਲ੍ਹੇ 'ਚ ਪਾਕਿਸਤਾਨ ਮਿਲਟਰੀ ਅਕੈਡਮੀ (ਪੀਐੱਮਏ) ਕਾਕੁਲ 'ਚ ਕੈਡਿਟਾਂ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਖੇਤਰ 'ਚ ਤੇ ਆਪਣੇ ਗੁਆਂਢੀਆਂ ਨਾਲ ਸ਼ਾਂਤੀ ਚਾਹੁੰਦਾ ਹੈ।

ਇਹ ਵੀ ਪੜ੍ਹੋ : ਅਮਰੀਕਾ : ਘਰ 'ਚ ਵੜ ਕੇ ਤਾਬੜਤੋੜ ਫਾਇਰਿੰਗ, 8 ਸਾਲ ਦੇ ਬੱਚੇ ਸਮੇਤ 5 ਦੀ ਮੌਤ

ਇਸ ਦੌਰਾਨ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਆਸਿਮ ਮੁਨੀਰ ਨੇ ਇਕ ਵਾਰ ਫਿਰ 'ਕਸ਼ਮੀਰ ਰਾਗ' ਅਲਾਪਿਆ ਹੈ। ਉਨ੍ਹਾਂ ਪਾਕਿਸਤਾਨ ਮਿਲਟਰੀ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਦੌਰਾਨ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ। ਜਨਰਲ ਮੁਨੀਰ ਨੇ ਪਾਕਿਸਤਾਨ ਦੇ ਸਾਬਕਾ ਫ਼ੌਜ ਮੁਖੀਆਂ ਵੱਲੋਂ ਦਿੱਤੇ ਬਿਆਨਾਂ ਨੂੰ ਦੁਹਰਾਉਂਦਿਆਂ ਕਿਹਾ ਕਿ ‘ਪਾਕਿਸਤਾਨੀ ਫ਼ੌਜ ਕਸ਼ਮੀਰੀ ਲੋਕਾਂ ਦੀ ਹਮਾਇਤ ਜਾਰੀ ਰੱਖੇਗੀ।’ ਉਨ੍ਹਾਂ ਕਸ਼ਮੀਰ ਨੂੰ ਦੁਨੀਆਂ ਦੇ ਸਭ ਤੋਂ ਵੱਧ ਫ਼ੌਜੀ ਸਥਾਨਾਂ 'ਚੋਂ ਇਕ ਕਰਾਰ ਦਿੰਦਿਆਂ ਭਾਰਤ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਝੂਠੇ ਦੋਸ਼ ਵੀ ਲਾਏ।

ਇਹ ਵੀ ਪੜ੍ਹੋ : ਅਜਬ-ਗਜ਼ਬ : ਔਰਤ ਦਾ ਦਾਅਵਾ; 3 ਵਾਰ ਹੋਈ ਮੌਤ, ਹਰ ਵਾਰ ਹੋ ਗਈ ਜ਼ਿੰਦਾ

ਫ਼ੌਜ ਮੁਖੀ ਨੇ ਕਿਹਾ, ''ਸ਼ਾਂਤੀ ਲਈ ਸਾਡੀਆਂ ਕੋਸ਼ਿਸ਼ਾਂ ਨੂੰ ਕਦੇ ਵੀ ਕਮਜ਼ੋਰੀ ਦੀ ਨਿਸ਼ਾਨੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਸਾਡੇ ਕੋਲ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਦੀ ਇੱਛਾ ਅਤੇ ਸਮਰੱਥਾ ਹੈ ਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਜਿਹਾ ਕਿਵੇਂ ਕਰਨਾ ਹੈ।” ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ, ਸਥਿਰ ਕਰਨ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ। ਮੁਨੀਰ ਨੇ ਕਿਹਾ, ''ਮੈਂ ਪਾਕਿਸਤਾਨ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਆਪਣੀ ਪਵਿੱਤਰ ਮਾਤ ਭੂਮੀ ਦੀ ਰੱਖਿਆ ਲਈ ਕੁਰਬਾਨੀਆਂ ਦੇਣ ਤੋਂ ਕਦੇ ਵੀ ਨਹੀਂ ਝਿਜਕਦੇ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh