ਭਾਰਤ-ਪਾਕਿ 'ਚ ਤਣਾਅ ਵਿਚਾਲੇ ਟਵਿੱਟਰ 'ਤੇ ਟਰੈਂਡ ਕਰ ਰਿਹਾ 'Say No To war'

02/28/2019 4:19:22 PM

ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਦਰਮਿਆਨ ਦੋਹਾਂ ਦੇਸ਼ਾਂ ਵਲੋਂ ਹਵਾਈ ਹਮਲਿਆਂ ਕਾਰਨ ਤਣਾਅ ਦਾ ਮਾਹੌਲ ਹੈ। ਤਣਾਅ ਦੇ ਮਾਹੌਲ ਵਿਚ ਭਾਰਤੀ ਫੌਜ ਅਲਰਟ 'ਤੇ ਹੈ ਅਤੇ ਦੇਸ਼ ਦੇ ਸਾਰੇ ਹਵਾਈ ਅੱਡੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਥੇ ਹੀ ਪਾਕਿਸਤਾਨ ਨੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਉਹ ਜੰਗ ਨਹੀਂ ਸ਼ਾਂਤੀ ਚਾਹੁੰਦੇ ਹਨ। ਇਸ ਸਭ ਦੇ ਦਰਮਿਆਨ ਟਵਿੱਟਰ 'ਤੇ 'Say No To war', #PeaceNotWar ਅਤੇ #WingCommanderAbhinandan ਹੈਸ਼ਟੈਗ ਟਰੈਂਡ ਕਰ ਰਹੇ ਹਨ। 'Say No To war' ਹੈਸ਼ਟੈਸ਼ ਟਰੈਂਡਿੰਗ ਵਿਚ ਨਾ ਸਿਰਫ ਭਾਰਤ ਸਗੋਂ ਕਿ ਪਾਕਿਸਤਾਨ ਦੇ ਲੋਕ ਵੀ ਟਵੀਟ ਕਰ ਰਹੇ ਹਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਹਾਲੀ ਦੇ ਸੰਦੇਸ਼ ਸਾਂਝੇ ਕੀਤੇ ਜਾ ਰਹੇ ਹਨ। ਟਵਿੱਟਰ 'ਤੇ ਲੋਕ ਹੱਥਾਂ 'ਚ ਭਾਰਤੀ ਅਤੇ ਪਾਕਿਸਤਾਨੀ ਝੰਡਾ ਲੈ ਕੇ ਇਕ-ਦੂਜੇ ਦੇ ਗਲੇ ਮਿਲਦੇ ਬੱਚਿਆਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ, ਨਾਲ ਲਿਖ ਰਹੇ ਹਨ ਕਿ 'ਜੰਗ ਵਿਚ ਕੋਈ ਮਾਣ ਨਹੀਂ', ਦੋਹਾਂ ਦੇਸ਼ਾਂ ਵਿਚਾਲੇ ਅਮਨ-ਸ਼ਾਂਤੀ ਬਹਾਲ ਹੋਣੀ ਚਾਹੀਦੀ ਹੈ।


ਟਵੀਟ ਵਿਚ ਕਿਹਾ ਗਿਆ ਹੈ ਕਿ ਜੰਗ 'ਚ ਜਵਾਨ ਮਰਦੇ ਹਨ, ਇਸ ਤੋਂ ਪਰਿਵਾਰ ਵਾਲੇ ਦੁਖੀ ਅਤੇ ਪਰੇਸ਼ਾਨ ਹੁੰਦੇ ਹਨ। #WingCommanderAbhinandan ਵਿਚ ਪਾਕਿਸਤਾਨ ਦੀ ਹਿਰਾਸਤ ਵਿਚ ਕੈਦ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। 'Say No To war' ਹੈਸ਼ਟੈਗ ਨਾਲ ਇਕ ਯੂਜ਼ਰ ਨੇ ਲਿਖਿਆ, ''ਮੈਂ ਇਕ ਪਾਕਿਸਤਾਨੀ ਹਾਂ, ਅਸੀਂ ਜਾਣਦੇ ਹਾਂ ਕਿ ਜੰਗ ਕੀ ਹੈ। ਮੈਂ ਵਿੰਗ ਕਮਾਂਡਰ ਨੂੰ ਹੀਰੋ ਮੰਨਦਾ ਹਾਂ, ਕਿਉਂਕਿ ਇਹ ਉਨ੍ਹਾਂ ਦੀ ਗਲਤੀ ਨਹੀਂ ਹੈ। ਉਹ ਬਹਾਦਰੀ ਨਾਲ ਆਪਣੇ ਦੇਸ਼ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਛੇਤੀ ਹੀ ਘਰ ਭੇਜਿਆ ਜਾਵੇ।''



ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਅੱਤਵਾਦੀ ਟ੍ਰੇਨਿੰਗ ਕੈਂਪਾਂ 'ਤੇ ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ। ਇਸ ਦਰਮਿਆਨ ਬੁੱਧਵਾਰ ਭਾਵ ਕੱਲ ਪਾਕਿਸਤਾਨ ਨੇ ਭਾਰਤ ਦੇ ਜੰਮੂ-ਕਸ਼ਮੀਰ ਦੇ ਨੌਸ਼ੇਰਾ ਸੈਕਟਰ ਵਿਚ ਹਵਾਈ ਘੁਸਪੈਠ ਕੀਤੀ।  ਪਾਕਿਸਤਾਨ ਦੇ ਇਸ ਹਮਲੇ ਦੀ ਜਵਾਬੀ ਕਾਰਵਾਈ ਵਿਚ ਭਾਰਤੀ ਹਵਾਈ ਫੌਜ ਦਾ ਇਕ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਫੌਜ ਨੇ ਫੜ ਲਿਆ।

Tanu

This news is Content Editor Tanu