ਭਾਰਤ ਦੀ ਤੀਜੀ ‘ਸਟ੍ਰਾਈਕ’ ਪਿੱਛੋਂ ਬੌਖਲਾਇਆ ਪਾਕਿ, ਕੇਰਨੀ ਸੈਕਟਰ ’ਚ ਕੀਤੀ ਗੋਲੀਬਾਰੀ

10/22/2019 1:15:49 AM

ਸ਼੍ਰੀਨਗਰ – ਪਹਿਲਾਂ ਸਰਜੀਕਲ ਸਟ੍ਰਾਈਕ, ਫਿਰ ਏਅਰ ਸਟ੍ਰਾਈਕ ਅਤੇ ਹੁਣ ਤੀਜੀ ਸਟ੍ਰਾਈਕ ਰਾਹੀਂ ਭਾਰਤ ਨੇ ਪਾਕਿਸਤਾਨ ਦੀ ਗੋਲੀਬੰਦੀ ਦੀ ਉਲੰਘਣਾ ਦਾ ਕਰਾਰਾ ਜਵਾਬ ਦਿੱਤਾ ਹੈ। ਇਸ ਕਾਰਣ ਬੌਖਲਾਏ ਪਾਕਿਸਤਾਨ ਨੇ ਸੋਮਵਾਰ ਸਵੇਰੇ ਪੁੰਛ ਜ਼ਿਲੇ ਦੇ ਕੇਰਨੀ ਸੈਕਟਰ ’ਚ ਸਥਾਨਕ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨੀ ਰੇਂਜਰਾਂ ਵਲੋਂ ਕੀਤੀ ਗਈ ਗੋਲੀਬਾਰੀ ਦਾ ਭਾਰਤੀ ਜਵਾਨਾਂ ਨੇ ਮੂੰਹ-ਤੋੜ ਜਵਾਬ ਦਿੱਤਾ।

ਪਾਕਿ ਆਪਣੇ ਜ਼ਖ਼ਮ ਸਾਹਮਣੇ ਨਹੀਂ ਲਿਆਉਣੇ ਚਾਹੁੰਦਾ : ਫੌਜ ਮੁਖੀ
ਜ਼ਮੀਨੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਬਿਨਾਂ ਕਿਸੇ ਭੜਕਾਹਟ ਦੇ ਕੀਤੀ ਜਾ ਰਹੀ ਗੋਲੀਬਾਰੀ ਪਿੱਛੋਂ ਵੱਡੀ ਕਾਰਵਾਈ ਕਰਦਿਆਂ ਭਾਰਤੀ ਫੌਜ ਨੇ ਐਤਵਾਰ ਭਾਰੀ ਹਥਿਆਰਾਂ ਨਾਲ ਪੀ. ਓ. ਕੇ. ਵਿਚ ਨੀਲਮਘਾਟੀ ਵਿਖੇ ਅੱਤਵਾਦੀਆਂ ਦੇ 4 ਅਤੇ ਪਾਕਿਸਤਾਨੀ ਫੌਜ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤ ਨੇ ਪੀ. ਓ. ਕੇ. ਵਿਚ ਅੱਤਵਾਦ ਦੇ ਅੱਡਿਆਂ ’ਤੇ ਅਜਿਹੇ ਸਮੇਂ ਗੋਲੇ ਦਾਗੇ, ਜਦੋਂ ਪਾਕਿਸਤਾਨ ਟੈਰਰ ਫੰਡਿੰਗ ਨੂੰ ਲੈ ਕੇ ਘਿਰਿਆ ਹੋਇਆ ਹੈ। ਰਾਵਤ ਨੇ ਕਿਹਾ ਕਿ ਮਕਬੂਜ਼ਾ ਕਸ਼ਮੀਰ ਵਿਚ ਹਮਲੇ ਵਾਲੀ ਥਾਂ ’ਤੇ ਖਾਮੋਸ਼ੀ ਛਾਈ ਹੋਈ ਹੈ ਕਿਉਂਕਿ ਐੱਲ. ਓ. ਸੀ. ਦੇ ਪਾਰ ਤੋਂ ਸਾਨੂੰ ਮੋਬਾਇਲ ਸੰਚਾਰ ਦੇ ਸੰਕੇਤ ਨਹੀਂ ਮਿਲੇ ਹਨ। ਇਸ ਦਾ ਭਾਵ ਜਾਨੀ ਨੁਕਸਾਨ ਤੋਂ ਹੈ। ਪਾਕਿਸਤਾਨ ਆਪਣੇ ਜ਼ਖ਼ਮ ਸਾਹਮਣੇ ਨਹੀਂ ਲਿਆਉਣਾ ਚਾਹੁੰਦਾ। ਇਸ ਲਈ ਉਹ ਚੁੱਪ ਹੈ।

ਅੱਤਵਾਦੀ ਕੈਂਪਾਂ ਨੂੰ ਕਰ ਦਿਆਂਗੇ ਬਰਬਾਦ, ਲੋੜ ਪਈ ਤਾਂ ਜਾਵਾਂਗੇ ਅੰਦਰ :ਰਾਜਪਾਲ
ਰਾਜਪਾਲ ਸਤਪਾਲ ਮਲਿਕ ਨੇ ਵੀ ਕਿਹਾ ਹੈ ਕਿ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਅਤੇ ਹੁਣ ਐੱਲ. ਓ. ਸੀ.’ਤੇ ਕੀਤੀ ਗਈ ਵੱਡੀ ਸਟ੍ਰਾਈਕ ਰਾਹੀਂ ਭਾਰਤ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦੇ ਦਿੱਤਾ ਹੈ। ਉਨ੍ਹਾਂ ਪਾਕਿਸਤਾਨ ਨੂੰ ਦੋ-ਟੁੱਕ ਸ਼ਬਦਾਂ ਵਿਚ ਕਿਹਾ ਕਿ ਭਾਰਤ ਅੱਤਵਾਦੀ ਕੈਂਪਾਂ ਨੂੰ ਬਰਬਾਦ ਕਰ ਦੇਵੇਗਾ। ਜੇ ਪਾਕਿਸਤਾਨ ਬਾਜ਼ ਨਾ ਆਇਆ ਤਾਂ ਅਸੀਂ ਪਾਕਿਸਤਾਨ ਦੇ ਅੰਦਰ ਤੱਕ ਜਾਵਾਂਗੇ।

Inder Prajapati

This news is Content Editor Inder Prajapati