ਬੌਖਲਾਏ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, 16 ਮਵੇਸ਼ੀਆਂ ਦੀ ਮੌਤ

09/21/2019 5:31:55 PM

ਜੰਮੂ— ਪਾਕਿਸਤਾਨੀ ਫੌਜੀਆਂ ਨੇ ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲਿਆਂ 'ਚ ਕੰਟਰੋਲ ਰੇਖਾ ਕੋਲ ਮੋਹਰੀ ਚੌਕੀਆਂ ਅਤੇ ਪਿੰਡਾਂ ਦਾ ਨਿਸ਼ਾਨਾ ਬਣਾਉਂਦੇ ਹੋਏ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ 'ਚ ਘੱਟੋ-ਘੱਟ 16 ਮਵੇਸ਼ੀਆਂ ਦੀ ਮੌਤ ਹੋ ਗਈ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਹੋਈ ਭਿਆਨਕ ਗੋਲੀਬਾਰੀ ਕਾਰਨ ਅਧਿਕਾਰੀਆਂ ਨੂੰ ਪੁੰਛ ਜ਼ਿਲੇ 'ਚ ਅੱਧਾ ਦਰਜਨ ਸਰਕਾਰੀ ਸਕੂਲਾਂ 'ਚ ਜਮਾਤਾਂ ਰੋਕਣੀਆਂ ਪਈਆਂ। ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ, ਮੇਂਢਰ ਦੇ ਬਾਲਾਕੋਟ ਇਲਾਕੇ ਅਤੇ ਪੁੰਛ ਜ਼ਿਲੇ ਦੇ ਸ਼ਾਹਪੁਰ ਅਤੇ ਕੇਰਨੀ ਸੈਕਟਰ 'ਚ ਬਿਨਾਂ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸ਼ੁੱਕਰਵਾਰ ਰਾਤ 8 ਵਜੇ ਤੋਂ 10 ਵਜੇ ਦਰਮਿਆਨ ਨੌਸ਼ਹਿਰਾ 'ਚ ਜਦੋਂ ਕਿ ਰਾਤ ਕਰੀਬ 11.45 ਵਜੇ ਤੋਂ ਦੇਰ ਰਾਤ 2 ਵਜੇ ਦਰਮਿਆਨ ਬਾਲਾਕੋਟ 'ਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਗੋਲੇ ਦਾਗ਼ੇ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 9.45 ਵਜੇ ਪਾਕਿਸਤਾਨ ਨੇ ਇਕ ਵਾਰ ਫਿਰ ਪੁੰਛ ਜ਼ਿਲੇ 'ਚ ਸ਼ਾਹਪੁਰ ਅਤੇ ਕੇਰਨੀ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੰਤਿਮ ਸੂਚਨਾ ਮਿਲਣ ਤੱਕ ਦੋਹਾਂ ਪਾਸਿਓਂ ਗੋਲੀਬਾਰੀ ਜਾਰੀ ਸੀ।

ਪੁੰਛ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਨੇ ਦੱਸਿਆ ਕਿ ਬਾਲਾਕੋਟ ਇਲਾਕੇ 'ਚ ਰਾਤ ਭਰ ਹੋਈ ਪਾਕਿਸਤਾਨੀ ਗੋਲੀਬਾਰੀ 'ਚ 16 ਮਵੇਸ਼ੀ ਮਾਰੇ ਗਏ ਹਨ। ਯਾਦਵ ਨੇ ਕਿਹਾ,''ਸ਼ਨੀਵਾਰ ਨੂੰ ਚੌਕਸੀ ਤੌਰ 'ਤੇ ਚਾਰ ਸਕੂਲਾਂ ਦੀਆਂ ਜਮਾਤਾਂ ਨੂੰ ਮੁਅੱਤਲ ਕਰ ਦਿੱਤਾ, ਕਿਉਂਕਿ ਸਕੂਲ ਕੈਂਪਸ 'ਚ ਜ਼ਿੰਦਾ ਮੋਰਟਾਰ ਹੋਣ ਦਾ ਖਦਸ਼ਾ ਸੀ।'' ਅਧਿਕਾਰੀਆਂ ਨੇ ਦੱਸਿਆ ਕਿ ਜਾਰੀ ਗੋਲੀਬਾਰੀ ਅਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਾਹਪੁਰ 'ਚ ਵੀ ਕਈ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ 'ਚ ਕਈ ਮਕਾਨ ਨੁਕਸਾਨੇ ਗਏ ਹਨ। ਹਾਲਾਂਕਿ ਕਿਸੇ ਦੇ ਹਤਾਹਤ ਹੋਣ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਿਹਾਇਸ਼ੀ ਇਲਾਕਿਆਂ 'ਤੇ ਭਿਆਨਕ ਗੋਲੀਬਾਰੀ ਕਾਰਨ ਸਰਹੱਦੀ ਪਿੰਡਾਂ 'ਚ ਤਣਾਅ ਦੀ ਸਥਿਤੀ ਹੈ। ਲੋਕਾਂ ਤੋਂ ਆਪਣੀ ਸੁਰੱਖਿਆ ਲਈ ਚੌਕਸੀ ਕਦਮ ਚੁੱਕਣ ਨੂੰ ਕਿਹਾ ਗਿਆ ਹੈ। ਅਧਿਕਾਰੀਆਂ ਅਨੁਸਾਰ ਇਸ ਸਾਲ ਹਾਲੇ ਤੱਕ ਪਾਕਿਸਤਾਨ ਨੇ 2,050 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ 'ਚ 21 ਭਾਰਤੀ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋਏ ਹਨ। ਭਾਰਤ ਨੇ ਲਗਾਤਾਰ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਆਪਣੀਆਂ ਫੋਰਸਾਂ ਨੂੰ 2003 ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨ ਅਤੇ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ 'ਤੇ ਸ਼ਾਂਤੀ ਬਣਾਏ ਰੱਖਣ ਲਈ ਕਹੇ।

DIsha

This news is Content Editor DIsha