ਹੰਦਵਾੜਾ ਹਮਲੇ ਤੋਂ ਬਾਅਦ ਪਾਕਿ ਨੇ ਐਫ-16 ਅਤੇ ਜੇ.ਐਫ-17 ਲੜਾਕੂ ਜਹਾਜ਼ਾਂ ਨਾਲ ਗਸ਼ਤ ਵਧਾਈ

05/11/2020 12:40:29 AM

ਨਵੀਂ ਦਿੱਲੀ (ਏ.ਐਨ.ਆਈ) :  ਅੱਤਵਾਦੀ ਐਨਕਾਊਂਟਰ ਤੋਂ ਬਾਅਦ ਭਾਰਤ ਦੀ ਜਵਾਬੀ ਕਾਰਵਾਈ  ਦੇ ਡਰ ਤੋਂ ਪਾਕਿਸਤਾਨੀ ਏਅਰਫੋਰਸ ਨੇ ਆਪਣੀ ਸੀਮਾ 'ਚ ਚੌਕਸੀ ਵਧਾ ਦਿੱਤੀ ਹੈ। ਸਰਕਾਰ ਦੇ ਚੋਟੀ ਦੇ ਅਫਸਰ ਮੁਤਾਬਕ, ਪਾਕਿਸਤਾਨੀ ਫੌਜ ਦੇ ਐਫ-16 ਅਤੇ ਜੇ.ਐਫ-17 ਲੜਾਕੂ ਜਹਾਜ਼ ਲਗਾਤਾਰ ਗਸ਼ਤ ਕਰ ਰਹੇ ਹਨ। ਭਾਰਤੀ ਫੌਜ ਵੀ ਆਪਣੇ ਸਰਵਿਲਾਂਸ ਸਿਸਟਮ ਰਾਹੀਂ ਇਸ 'ਤੇ ਨਜ਼ਰ ਰੱਖ ਰਹੀ ਹੈ।  2 ਮਈ ਨੂੰ ਹੋਏ ਐਨਕਾਊਂਟਰ 'ਚ ਕਮਾਂਡਿੰਗ ਅਫਸਰ ਕਰਨਲ ਆਸ਼ੁਤੋਸ਼ ਸ਼ਰਮਾ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। ਉਸ ਐਨਕਾਊਂਟਰ ਤੋਂ ਬਾਅਦ ਫੌਜ ਨੇ ਬਦਲਾ ਲੈਂਦੇ ਹੋਏ ਲਸ਼ਕਰ-ਏ-ਤੋਇਬਾ ਦੇ ਟਾਪ ਕਮਾਂਡਰ ਹੈਦਰ ਨੂੰ ਮਾਰ ਦਿੱਤਾ ਸੀ।
ਸੂਤਰਾਂ ਮੁਤਾਬਕ, ਪਾਕਿਸਤਾਨ ਵੱਲੋਂ ਗਸ਼ਤ ਵਧਾਉਣ ਦਾ ਮਤਲਬ ਇਹ ਕੱਢਿਆ ਜਾ ਰਿਹਾ ਹੈ ਕਿ ਉਹ ਮੰਨ ਕੇ ਚੱਲ ਰਿਹਾ ਹੈ ਕਿ ਹੰਦਵਾੜਾ ਐਨਕਾਊਂਟਰ ਅਤੇ ਕਸ਼ਮੀਰ 'ਚ ਅੱਤਵਾਦੀ ਸਰਗਰਮੀਆਂ ਤੋਂ ਬਾਅਦ ਭਾਰਤ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਬੀਤੇ ਸਾਲਾਂ 'ਚ ਉੜੀ ਅਤੇ ਪੁਲਮਾਵਾ ਹਮਲੇ ਵਰਗੇ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਨੇ ਪੀ.ਓ.ਕੇ. 'ਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਸੀ। ਪੁਲਮਾਵਾ ਹਮਲੇ ਤੋਂ ਬਾਅਦ ਭਾਰਤੀ ਏਅਰਫੋਰਸ ਨੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਸੀ। ਉੜੀ ਹਮਲੇ ਤੋਂ ਬਾਅਦ ਅੱਤਵਾਦੀਆਂ ਦੇ ਲਾਂਚਿੰਗ ਪੈਡਸ 'ਤੇ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ।

ਇਸ ਸਾਲ ਘਾਟੀ 'ਚ ਹੁਣ ਤੱਕ 62 ਅੱਤਵਾਦੀ ਮਾਰੇ ਗਏ
ਇਸ ਸਾਲ ਜਨਵਰੀ ਤੋਂ ਹੁਣ ਤੱਕ ਜੰਮੂ-ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ 'ਚ ਹੋਏ ਮੁਕਾਬਲੇ 'ਚ 62 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਹਨ। ਲਾਕਡਾਊਨ 'ਚ ਅੱਤਵਾਦੀਆਂ ਵਲੋਂ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹੀਆਂ ਹਨ।

 

Inder Prajapati

This news is Content Editor Inder Prajapati