ਫੌਜ ਨੇ ਰੱਦ ਕੀਤਾ ਭਾਰਤੀ ਚੌਕੀ ਤਬਾਹ ਕਰਨ ਦਾ ਦਾਅਵਾ, ਕਿਹਾ ਝੂਠ ਬੋਲ ਰਿਹੈ ਪਾਕਿ

05/24/2017 8:00:58 PM

ਨੌਸ਼ਹਿਰਾ— ਭਾਰਤੀ ਫੌਜ ਵਲੋਂ ਪਾਕਿਸਤਾਨ ਦੀਆਂ ਚੌਕੀਆਂ ਨੂੰ ਤਬਾਹ ਕਰਨ ਦੀ ਵੀਡੀਓ ਜਾਰੀ ਕਰਨ ਤੋਂ ਬਾਅਦ ਪਾਕਿ ਬੌਖਲਾ ਗਿਆ ਹੈ। ਭਾਰਤੀ ਫੌਜ ਦੀ ਇਸ ਕਾਰਵਾਈ ਤੋਂ ਬਾਅਦ ਪਾਕਿ ਨੇ ਭਾਰਤ ਦੀ ਚੌਕੀ ਨੂੰ ਤਬਾਹ ਕਰਨ ਦੀ ਵੀਡੀਓ 'ਚ ਦਾਅਵਾ ਕੀਤਾ ਸੀ। ਹਾਲਾਂਕਿ, ਪਾਕਿ ਦੇ ਇਸ ਦਾਅਵੇ ਨੂੰ ਫੌਜ ਨੇ ਰੱਦ ਕਰ ਦਿੱਤਾ ਹੈ। ਨਿਊਜ਼ ਏਜੰਸੀ ਮੁਤਾਬਕ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਪਾਕਿ ਵਲੋਂ ਭਾਰਤੀ ਪੋਸਟ ਤਬਾਹ ਕਰਨ ਦੀ ਵੀਡੀਓ ਦਾ ਕੀਤਾ ਜਾ ਰਿਹਾ ਦਾਅਵਾ ਝੂਠਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਚੌਕੀਆਂ ਦੀਆਂ ਕੰਧਾਂ ਕਾਫੀ ਮਜ਼ਬੂਤ ਹਨ। 
ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਹਮਾਇਤ ਦੇਣ ਅਤੇ ਦੋ ਭਾਰਤੀ ਫੌਜੀਆਂ ਨੂੰ ਕਰੂਰਤਾ ਨਾਲ ਕਤਲ ਕਰਨ ਦਾ ਮੰਗਲਵਾਰ ਨੂੰ ਬਦਲਾ ਲੈ ਲਿਆ। ਫੌਜ ਨੇ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਨੂੰ ਤਬਾਹ ਕਰ ਦਿੱਤਾ। ਫੌਜ ਨੇ ਇਸ ਕਾਰਵਾਈ ਦੀ ਵੀਡੀਓ ਜਾਰੀ ਕੀਤੀ ਹੈ। ਇਹ ਵੀਡੀਓ 24 ਸੈਕਿੰਡ ਦੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੀਆਂ 10 ਚੌਕੀਆਂ ਨੂੰ ਤਬਾਹ ਕਰ ਦਿੱਤਾ। ਫੌਜ ਨੇ ਕਿਹਾ ਕਿ 9 ਮਈ ਨੂੰ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਆਪ੍ਰੇਸ਼ਨ 'ਚ ਜਿਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਉਨ੍ਹਾਂ 'ਚ ਰਾਕੇਟ ਲਾਂਚਰ, ਐਂਟੀ ਟੈਂਕ ਗਾਈਡਿਡ ਮਿਸਾਈਲ, ਗ੍ਰੇਨੇਡ ਲਾਂਚਰ ਅਤੇ ਰਿਕਾਏਲੇਸ ਗਨ ਸ਼ਾਮਲ ਸਨ। ਫੌਜ ਦੇ ਬੁਲਾਰੇ ਮੇਜਰ ਜਨਰਲ ਅਸ਼ੋਕ ਨਰੂਲਾ ਨੇ ਕਿਹਾ ਕਿ ਪਾਕਿ ਫੌਜ ਹਮੇਸ਼ਾ ਅੱਤਵਾਦੀਆਂ ਨੂੰ ਭਾਰਤ 'ਚ ਘੁਸਪੈਠ ਕਰਾਉਣ 'ਚ ਮਦਦ ਕਰਦੀ ਹੈ। ਬਰਫ ਪਿਘਲਣ ਤੋਂ ਬਾਅਦ ਇਸ 'ਚ ਹੋਰ ਵਾਧਾ ਹੋ ਜਾਂਦਾ ਹੈ। ਇਨ੍ਹਾਂ ਨੂੰ ਰੋਕਣ ਲਈ ਫੌਜ ਨੇ ਕਾਰਵਾਈ ਕੀਤੀ ਅਤੇ ਪਾਕਿ ਫੌਜ ਦੀ ਚੌਕੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।