ਪੀ. ਐੱਮ. ਓ. ਦਫਤਰ 'ਚ ਤੜਕੇ ਲੱਗੀ ਅੱਗ, 20 ਮਿੰਟ 'ਚ ਸਥਿਤੀ ਹੋਈ ਕਾਬੂ

10/17/2017 11:12:02 AM

ਨਵੀਂ ਦਿੱਲੀ— ਮੰਗਲਵਾਰ ਤੜਕੇ ਸਾਊਥ ਬਲਾਕ 'ਚ ਮੌਜੂਦ ਪ੍ਰਧਾਨ ਮੰਤਰੀ ਦਫਤਰ ਦੇ ਇਕ ਕਮਰੇ 'ਚ ਅੱਗ ਲੱਗ ਗਈ। ਹਾਲਾਂਕਿ ਇਸ 'ਚ ਕੋਈ ਜ਼ਖਮੀ ਨਹੀਂ ਹੋਇਆ। ਅੱਗ ਦੀਆਂ ਲਪਟਾਂ ਉੱਠਣ ਦਾ ਸਹੀ ਕਾਰਨ ਹੁਣ ਤਕ ਪਤਾ ਨਹੀਂ ਲੱਗਾ ਹੈ। ਹਾਲਾਂਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਕਮਰੇ ਦੇ ਏਸੀ 'ਚ ਅੱਗ ਲੱਗੀ, ਜਿਸ ਤੋਂ ਬਾਅਦ ਇਹ ਕਮਰੇ 'ਚ ਫੈਲ ਗਈ। ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਦੀ ਦੂਜੀ ਮੰਜ਼ਲ 'ਤੇ ਕਮਰਾ ਨੰਬਰ 242 'ਚ ਤੜਕੇ ਸਾਢੇ ਤਿੰਨ ਵਜੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਨੇ 20 ਮਿੰਟਾਂ 'ਚ ਸਾਰੀ ਸਥਿਤੀ ਕਾਬੂ ਕਰ ਲਈ।

ਇਕ ਅਧਿਕਾਰੀ ਮੁਤਾਬਕ, ਉਨ੍ਹਾਂ ਨੂੰ 3 ਵੱਜ ਕੇ 35 ਮਿੰਟ 'ਤੇ ਪੀ. ਐੱਮ. ਓ. 'ਚ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ 3 ਵੱਜ ਕੇ 55 ਮਿੰਟ 'ਤੇ ਅੱਗ 'ਤੇ ਕਾਬੂ ਪਾ ਲਿਆ। ਉਨ੍ਹਾਂ ਮੁਤਾਬਕ, ਅੱਗ 'ਚ ਚਾਰ ਏਸੀ ਜਲ ਗਏ ਹਨ ਪਰ ਇਸ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। 
ਉੱਥੇ ਹੀ, ਇਸ ਘਟਨਾ ਨਾਲ ਪੀ. ਐੱਮ. ਓ. ਦੇ ਅਧਿਕਾਰਤ ਦਸਤਾਵੇਜ਼ਾਂ ਨੂੰ ਕਿੰਨਾ ਨੁਕਸਾਨ ਹੋਇਆ, ਇਸ ਦੀ ਜਾਣਕਾਰੀ ਅਜੇ ਨਹੀਂ ਮਿਲ ਸਕੀ ਹੈ। ਦਿੱਲੀ ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਸਥਿਤੀ ਸੰਭਾਲੀ ਹੈ।