ਲੋਕ ਸਭਾ ਚੋਣਾਂ 2019 : ਪੀ. ਐੱਮ. ਮੋਦੀ ਨੇ ਅਹਿਮਦਾਬਾਦ 'ਚ ਪਾਈ ਵੋਟ

04/23/2019 9:26:49 AM

ਗਾਂਧੀਨਗਰ— ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ ਦੇਸ਼ ਭਰ ਦੀਆਂ 117 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ 'ਚ ਗੁਜਰਾਤ ਦੀਆਂ ਵੀ ਸਾਰੀਆਂ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਜੋ ਕਿ ਪ੍ਰਧਾਨ ਨਰਿੰਦਰ ਮੋਦੀ ਦਾ ਰਾਜਨੀਤਕ ਗੜ੍ਹ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੰਗਲਵਾਰ ਅਹਿਮਦਾਬਾਦ 'ਚ ਰਾਨਿਪ ਦੇ ਨਿਸ਼ਾਨ ਸੈਕੰਡਰੀ ਸਕੂਲ 'ਚ ਵੋਟ ਪਾਈ। ਮੋਦੀ ਖੁੱਲ੍ਹੀ ਜੀਪ 'ਚ ਬੈਠ ਕੇ ਪੋਲਿੰਗ ਬੂਥ 'ਤੇ ਪੁੱਜੇ। ਇਸ ਤੋਂ ਪਹਿਲਾਂ ਉਹ ਗਾਂਧੀਨਗਰ 'ਚ ਆਪਣੀ ਮਾਤਾ ਦਾ ਅਸ਼ੀਰਵਾਦ ਲੈਣ ਪੁੱਜੇ ਸਨ।

ਜ਼ਿਕਰਯੋਗ ਹੈ ਕਿ 2014 'ਚ ਗੁਜਰਾਤ ਦੀਆਂ ਸਾਰੀਆਂ 26 ਸੀਟਾਂ 'ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਗਾਂਧੀਨਗਰ ਤੋਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਚੋਣ ਮੈਦਾਨ 'ਚ ਹਨ, ਜੋ ਕਿ ਪਹਿਲਾਂ ਲਾਲ ਕ੍ਰਿਸ਼ਣ ਅਡਵਾਨੀ ਦਾ ਹਲਕਾ ਰਿਹਾ ਹੈ। ਸ਼ਾਹ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ।

ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਪੂਰੇ ਦੇਸ਼ 'ਚ ਤੀਜੇ ਗੇੜ ਦੀ ਵੋਟਿੰਗ ਹੋ ਰਹੀ ਹੈ, ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਵੀ ਅੱਜ ਮੇਰੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੇਰੇ ਲਈ ਗੌਰਵਮਈ ਪਲ ਹੈ ਕਿ ਮੈਂ ਆਪਣੇ ਗ੍ਰਹਿ ਸੂਬੇ ਗੁਜਰਾਤ 'ਚ ਵੋਟ ਪਾਈ, ਜਿਵੇਂ ਕੁੰਭ ਇਸ਼ਨਾਨ ਦਾ ਆਨੰਦ ਮਿਲਦਾ ਹੈ, ਉਸੇ ਤਰ੍ਹਾਂ ਵੋਟ ਪਾਉਣ ਦਾ ਵੀ ਆਨੰਦ ਮਿਲਦਾ ਹੈ। ਪੀ. ਐੱਮ. ਮੋਦੀ ਬੋਲੇ ਕਿ ਪਹਿਲੀ ਵਾਰ ਜੋ ਵੋਟ ਦੇ ਰਹੇ ਹਨ, ਇਹ ਸਦੀ ਉਨ੍ਹਾਂ ਦੀ ਹੀ ਸਦੀ ਹੈ। ਇਸ ਲਈ ਨਵੇਂ ਵੋਟਰਾਂ ਨੂੰ ਉਹ ਖਾਸ ਤੌਰ 'ਤੇ ਅਪੀਲ ਕਰਨਗੇ ਕਿ ਉਹ ਸਾਰੇ 100 ਫੀਸਦੀ ਵੋਟਿੰਗ ਕਰਨ। ਉਨ੍ਹਾਂ ਕਿਹਾ ਇਕ ਪਾਸੇ ਅੱਤਵਾਦ ਦਾ ਹਥਿਆਰ ਆਈ. ਈ. ਡੀ. ਹੁੰਦਾ ਹੈ ਤਾਂ ਲੋਕਤੰਤਰ ਦੀ ਤਾਕਤ ਵੋਟਰ ਆਈ. ਡੀ. ਹੁੰਦਾ ਹੈ।