ਖ਼ੁਲਾਸਾ: ਚੀਨੀ ਕੰਪਨੀਆਂ ਦੀ ਮਦਦ ਕਰ ਰਹੇ ਸਨ 400 ਤੋਂ ਵੱਧ ਭਾਰਤੀ ਚਾਰਟਰਡ ਅਕਾਊਂਟੈਂਟ, ਕਾਰਵਾਈ ਦੀ ਸਿਫਾਰਿਸ਼

06/20/2022 11:33:13 AM

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ 400 ਤੋਂ ਵੱਧ ਚਾਰਟਰਡ ਅਕਾਊਂਟੈਂਟਾਂ ਅਤੇ ਕੰਪਨੀ ਸਕੱਤਰਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਉਹ ਸਾਰੇ ਮੈਟਰੋ ਸ਼ਹਿਰਾਂ ’ਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੀਨੀ ਸੇਲ ਕੰਪਨੀਆਂ ਨਾਲ ਜੁੜੇ ਹੋਏ ਸਨ। ਸਰਕਾਰ ਦੀ ਇਹ ਕਾਰਵਾਈ 2020 ਦੀ ਗਲਵਾਨ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਚੀਨ ਅਤੇ ਚੀਨੀ ਕੰਪਨੀਆਂ ਵਿਰੁੱਧ ਚੁੱਕੇ ਗਏ ਕਦਮਾਂ ਦਾ ਹਿੱਸਾ ਹੈ। ਗਲਵਾਨ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨਾਲ ਹਿੰਸਕ ਝੜਪ ਵਿੱਚ 20 ਜਵਾਨ ਸ਼ਹੀਦ ਹੋ ਗਏ।

ਇਹ ਵੀ ਪੜ੍ਹੋ : ਰੋਹਤਕ ਦੀ ਸ਼ਨੈਣ ਬਣੀ NDA ਪ੍ਰੀਖਿਆ ਪਾਸ ਕਰਨ ਵਾਲੀ ਦੇਸ਼ ਦੀ ਪਹਿਲੀ ਮੁਟਿਆਰ

ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਸੀ. ਏ. ਅਤੇ ਸੀ. ਐਸ. ਨੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਚੀਨ ਦੀ ਮਾਲਕੀ ਵਾਲੀਆਂ ਜਾਂ ਚੀਨ ਵਲੋਂ ਸੰਚਾਲਿਤ ਸ਼ੈੱਲ ਕੰਪਨੀਆਂ ਦੀ ਵੱਡੀ ਗਿਣਤੀ ਵਿੱਚ ਮਦਦ ਕੀਤੀ, ਉਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਸੀ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੇ ਪਿਛਲੇ ਦੋ ਮਹੀਨਿਆਂ ਵਿੱਚ ਵਿੱਤੀ ਖੁਫੀਆ ਏਜੰਸੀ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਮੰਤਰਾਲਾ ਦੇ ਬੁਲਾਰੇ ਨੇ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ। ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਇੱਕ ਵਿਧਾਨਕ ਸੰਸਥਾ ਹੈ ਜੋ ਦੇਸ਼ ਵਿੱਚ ਚਾਰਟਰਡ ਅਕਾਊਂਟੈਂਟਸ ਦੇ ਪੇਸ਼ੇ ਨੂੰ ਕੰਟਰੋਲ ਕਰਦੀ ਹੈ। ਆਈ. ਸੀ. ਏ. ਆਈ ਅਨੁਸ਼ਾਸਨੀ ਡਾਇਰੈਕਟੋਰੇਟ ਵਲੋਂ ਕਿਹਾ ਗਿਆ ਕਿ ਅਨੁਸ਼ਾਸਨੀ ਡਾਇਰੈਕਟੋਰੇਟ ਨੂੰ ਦੇਸ਼ ਦੇ ਵੱਖ-ਵੱਖ ਰਜਿਸਟਰਾਰ ਦਫਤਰਾਂ ਤੋਂ ਚੀਨੀ ਕੰਪਨੀਆਂ ਨਾਲ ਚਾਰਟਰਡ ਅਕਾਊਂਟੈਂਟਾਂ ਦੀ ਮਿਲੀਭੁਗਤ ਬਾਰੇ ਜਾਣਕਾਰੀ ਮਿਲੀ ਸੀ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਡੂੰਘਾਈ ਨਾਲ ਜਾਂਚ ਤੋਂ ਬਾਅਦ ਸਭ ਕੁਝ ਪਤਾ ਲੱਗੇਗਾ। ਇਸ ਬਾਰੇ ਕੋਈ ਟਿੱਪਣੀ ਕਰਨੀ ਜਲਦਬਾਜ਼ੀ ਹੋਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha