ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਫਲ ਬਣਾਉਣਾ ਸਾਡਾ ਫਰਜ਼ : ਨਿਤੀਸ਼

11/13/2017 3:59:21 PM

ਪਟਨਾ — ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਆਯੋਜਨ ਨੂੰ ਸਰਕਾਰ ਦਾ ਫਰਜ਼ ਦੱਸਿਆ ਅਤੇ ਕਿਹਾ ਕਿ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ ਵਾਂਗ ਹੀ ਇਸ ਦੇ ਸਮਾਪਤੀ ਸਮਾਰੋਹ ਨੂੰ ਸਫਲ ਬਣਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਸ਼੍ਰੀ ਕੁਮਾਰ ਨੇ ਅੱਜ ਇੱਥੇ ਪ੍ਰਕਾਸ਼ ਦਿਹਾੜੇ ਦੇ ਸਮਾਪਤੀ ਸਮਾਰੋਹਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨੂੰ ਕਿਹਾ, ''ਇਸ ਦਿਹਾੜੇ ਨੂੰ ਸਫਲ ਬਣਾਉਣਾ ਸਾਡਾ  ਫਰਜ਼ ਹੈ। ਸੂਬਾ ਸਰਕਾਰ ਇਸ ਦੇ ਸਮਾਪਤੀ ਸਮਾਰੋਹ 'ਚ ਵਧ-ਚੜ੍ਹ ਕੇ ਹਿੱਸਾ ਪਾਵੇਗੀ।''
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਆਯੋਜਨ ਹੋਇਆ ਉਸ ਨੂੰ ਲੈ ਕੇ ਦੇਸ਼-ਵਿਦੇਸ਼ 'ਚ ਰਹਿਣ ਵਾਲੀਆਂ ਸੰਗਤਾਂ ਦੇ ਮਨ 'ਚ ਕਾਫੀ ਉਤਸੁਕਤਾ ਹੈ ਪਰ ਇਸ ਵਾਰ ਵੀ ਪਹਿਲਾਂ ਨਾਲੋਂ ਵੱਧ ਸੰਗਤਾਂ ਦੇ ਪੁੱਜਣ ਦੀ ਆਸ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਵਾਰ ਵਾਂਗ ਇਸ ਵਾਰ ਰਾਜਧਾਨੀ ਪਟਨਾ ਦੇ ਬਾਈਪਾਸ ਤੇ ਟੈਂਟ ਸਿਟੀ, ਦੀਵਾਨ ਹਾਲ ਤੇ ਕੰਗਣ ਘਾਟ 'ਚ ਟੈਂਟ ਸਿਟੀ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੰਗਰਾਂ ਦੇ ਵਧੀਆ ਪ੍ਰਬੰਧਾਂ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਆਵਾਜਾਈ 'ਚ ਕੋਈ ਔਖ ਨਾ ਹੋਵੇ ਇਸ ਲਈ ਬੜੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।