SCO ਸ਼ਿਖਰ ਸੰਮੇਲਨ : ਪੀ.ਐੱਮ. ਮੋਦੀ ਨੇ ਦਿੱਤਾ ਸੁਰੱਖਿਆ ਦਾ SECURE ਮੰਤਰ

06/11/2018 12:25:54 PM

ਬੀਜਿੰਗ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਸ਼ਿਖਰ ਸੰਮੇਲਨ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਐੱਸ. ਸੀ. ਓ. ਮੈਬਰ ਦੇਸ਼ਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਗੁਆਂਢੀਆਂ ਨਾਲ ਕਨੈਕਟੀਵਿਟੀ 'ਤੇ ਭਾਰਤ ਦਾ ਜ਼ੋਰ ਹੈ। ਇਸ ਦੇ ਇਲਾਵਾ ਪੀ.ਐੱਮ. ਮੋਦੀ ਨੇ ਕਿਹਾ ਕਿ ਸੁਰੱਖਿਆ ਸਾਡੀ ਤਰਜ਼ੀਹ ਹੈ। ਇਸ ਲਈ ਮੋਦੀ ਨੇ ਇਕ ਨਵਾਂ ਮੰਤਰ ਵੀ ਦਿੱਤਾ, ਜਿਸ ਨੂੰ ਉਨ੍ਹਾਂ ਨੇ 'SECURE' ਦਾ ਨਾਮ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਲਈ 6 ਕਦਮ ਚੁੱਕਣੇ ਜਰੂਰੀ ਹਨ। ਨਾਲ ਹੀ ਉਨ੍ਹਾਂ ਨੇ ਅੱਤਵਾਦ ਨਾਲ ਪੀੜਤ ਅਫਗਾਨਿਸਤਾਨ ਦਾ ਵੀ ਜ਼ਿਕਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਗਨੀ ਨੇ ਸ਼ਾਂਤੀ ਦੀ ਸਥਾਪਨਾ ਵੱਲ ਜੋ ਕਦਮ ਉਠਾਏ ਹਨ। ਉਨ੍ਹਾਂ ਦਾ ਸਾਰੇ ਦੇਸ਼ਾਂ ਨੂੰ ਸਨਮਾਨ ਕਰਨਾ ਚਾਹੀਦਾ ਹੈ। 
ਉਨ੍ਹਾਂ ਕਿਹਾ ਕਿ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਵਿਚੋਂ 6 ਫੀਸਦੀ ਐੱਸ. ਸੀ. ਓ. ਮੈਂਬਰ ਦੇਸ਼ਾਂ ਵਿਚੋਂ ਆਉਂਦੇ ਹਨ। ਇਸ ਨੂੰ ਦੁੱਗਣਾ ਕੀਤਾ ਜਾਵੇਗਾ। ਮੋਦੀ ਨੇ ਕਿਹਾ ਕਿ ਖੇਤਰ ਵਿਚ ਟਰਾਂਸਪੋਰਟ ਗਲਿਆਰਿਆਂ ਨਾਲ ਸੰਪਰਕ ਸਥਾਪਿਤ ਕਰਨਾ ਚਾਹੀਦਾ ਹੈ। ਸੰਪਰਕ ਦਾ ਮਤਲਬ ਸਿਰਫ ਭੂਗੋਲਿਕ ਤੌਰ 'ਤੇ ਜੁੜਨਾ ਨਹੀਂ ਸਗੋਂ ਇਹ ਲੋਕਾਂ ਦਾ ਲੋਕਾਂ ਨਾਲ ਜੁੜਨਾ ਹੋਣਾ ਚਾਹੀਦਾ ਹੈ। ਚੀਨ ਦੀ 'ਇਕ ਖੇਤਰ ਇਕ ਸੜਕ' ਯੋਜਨਾ ਸੰੰਬੰਧੀ ਸਿੱਧੇ ਤੌਰ 'ਤੇ ਦਖਲ ਦਿੰਦਿਆਂ ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਅਜਿਹੀ ਹਰ ਯੋਜਨਾ ਦਾ ਸਵਾਗਤ ਕਰਦਾ ਹੈ, ਜੋ ਮਜ਼ਬੂਤ ਅਤੇ ਪਾਰਦਰਸ਼ੀ ਹੋਵੇ। ਇਸ ਦੇ ਨਾਲ ਹੀ ਉਹ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਮਾਣ ਵੀ ਕਰਦੀ ਹੋਵੇ। ਮੋਦੀ ਨੇ ਕਿਹਾ ਕਿ ਅਸੀਂ ਇਕ ਵਾਰੀ ਫਿਰ ਉਸ ਪੜਾਅ 'ਤੇ ਪਹੁੰਚ ਗਏ ਹਾਂ, ਜਿੱਥੇ ਭੌਤਿਕ ਤੇ ਡਿਜੀਟਲ ਸੰਪਰਕ ਭੂਗੋਲ ਦੀ ਪਰਿਭਾਸ਼ਾ ਨੂੰ ਬਦਲ ਰਿਹਾ ਹੈ। ਸਾਡੇ ਗੁਆਂਢੀਆਂ ਅਤੇ ਐੱਸ. ਸੀ. ਓ. ਵਿਚ ਸੰਪਰਕ ਸਾਡੀ ਪਹਿਲ ਹੈ। 
ਦੱਸਣਯੋਗ ਹੈ ਕਿ ਪੀ.ਐੱਮ. ਮੋਦੀ ਸ਼ਨੀਵਾਰ ਨੂੰ ਆਪਣੇ ਦੋ ਦਿਨੀਂ ਦੌਰੇ 'ਤੇ ਰਵਾਨਾ ਹੋਏ ਸਨ। ਸੰਮੇਲਨ ਦੇ ਸਵਾਗਤ ਸਮਾਰੋਹ ਵਿਚ ਐਤਵਾਰ ਨੂੰ ਪੀ.ਐੱਮ. ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਮੁਲਾਕਾਤ ਹੋਈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਬੀਜਿੰਗ ਪਹੁੰਚਦੇ ਹੀ ਸ਼ਿਖਰ ਸੰਮੇਲਨ ਤੋਂ ਪਹਿਲਾਂ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋ-ਪੱਖੀ ਗੱਲਬਾਤ ਵੀ ਕੀਤੀ ਸੀ।