ਚਮਕੀ ਬੁਖਾਰ : ਬਿਹਾਰ ਵਿਧਾਨ ਸਭਾ ਦੇ ਬਾਹਰ ਵਿਧਾਇਕਾਂ ਦਾ ਪ੍ਰਦਰਸ਼ਨ

07/09/2019 2:03:35 PM

ਪਟਨਾ— ਬਿਹਾਰ ਵਿਚ ਚਮਕੀ ਬੁਖਾਰ ਨੂੰ ਲੈ ਕੇ ਹੋ ਰਹੀਆਂ ਮੌਤਾਂ 'ਤੇ ਵਿਰੋਧੀ ਧਿਰ ਦਾ ਪ੍ਰਦਰਸ਼ਨ ਜਾਰੀ ਹੈ। ਬਿਹਾਰ ਵਿਧਾਨ ਸਭਾ ਦੇ ਬਾਹਰ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸਦਨ ਦੇ ਬਾਹਰ ਹੰਗਾਮਾ ਕੀਤਾ। ਵਿਧਾਇਕਾਂ ਨੇ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਦੇ ਅਸਤੀਫੇ ਦੀ ਮੰਗ ਕੀਤੀ। ਬਸ ਇੰਨਾ ਹੀ ਨਹੀਂ ਵਿਧਾਇਕਾਂ ਨੇ ਮੰਗਲ ਪਾਂਡੇ ਵਿਰੁੱਧ ਹਾਏ-ਹਾਏ ਦੇ ਨਾਅਰੇ ਵੀ ਲਾਏ।

 ਇੱਥੇ ਦੱਸ ਦੇਈਏ ਕਿ ਬਿਹਾਰ ਦੇ ਮੁਜ਼ੱਫਰਪੁਰ ਸਮੇਤ 20 ਜ਼ਿਲਿਆਂ 'ਚ ਐਕਿਊਟ ਇੰਸੇਫੇਲਾਈਟਿਸ ਸਿੰਡਰੋਮ ਯਾਨੀ ਕਿ ਚਮਕੀ ਬੁਖਾਰ ਨਾਲ 150 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਰੋਸ ਵਜੋਂ ਵਿਧਾਇਕਾਂ ਨੇ ਅੱਜ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਮੁਜ਼ੱਫਰਪੁਰ 'ਚ ਬੱਚਿਆਂ ਦੀ ਮੌਤ ਦੀ ਨੈਤਿਕ ਅਤੇ ਪ੍ਰਸ਼ਾਸਨਿਕ ਜਵਾਬਦੇਹੀ ਲੈਂਦੇ ਹੋਏ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮੁੱਖ ਵਿਰੋਧੀ ਦਲ ਰਾਸ਼ਟਰੀ ਜਨਤਾ ਜਲ (ਆਰ. ਜੇ. ਡੀ.) ਚਮਕੀ ਬੁਖਾਰ ਨਾਲ ਬੱਚਿਆਂ ਦੀ ਹੋ ਰਹੀਆਂ ਮੌਤਾਂ ਲਈ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਤੋਂ ਅਸਤੀਫੇ ਦੀ ਮੰਗ ਕਰ ਚੁੱਕਾ ਹੈ। ਆਰ. ਜੇ. ਡੀ. ਦੇ ਉੱਪ ਪ੍ਰਧਾਨ ਸ਼ਿਵਾਨੰਦ ਤਿਵਾੜੀ ਨੇ ਕਿਹਾ ਸੀ ਕਿ ਮੁਜ਼ੱਫਰਪੁਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਬੱਚਿਆਂ ਦੀ ਮੌਤ ਜਿਸ ਤਰ੍ਹਾਂ ਹੋ ਰਹੀ ਹੈ, ਉਸ ਦੀ ਵਜ੍ਹਾ ਕਰ ਕੇ ਦੁਨੀਆ ਭਰ 'ਚ ਬਿਹਾਰ ਦੀ ਨਿੰਦਾ ਹੋ ਰਹੀ ਹੈ।

Tanu

This news is Content Editor Tanu