ਦੇਸ਼ ਦੇ ਸਿਰਫ 2.5 ਫੀਸਦੀ ਕਾਲਜ ਕਰਾਉਂਦੇ ਹਨ ਪੀ. ਐੱਚ. ਡੀ.

09/22/2019 11:49:31 PM

ਨਵੀਂ ਦਿੱਲੀ (ਭਾਸ਼ਾ)- ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਜ਼ਾਰਤ ਵਲੋਂ ਕਰਵਾਏ ਗਏ ਸਰਵ ਭਾਰਤ ਉਚ ਸਿੱਖਿਆ ਸਰਵੇਖਣ ਮੁਤਾਬਕ ਦੇਸ਼ ਦੇ ਸਿਰਫ 2.5 ਫੀਸਦੀ ਕਾਲਜ ਪੀ. ਐੱਚ. ਡੀ. ਪ੍ਰੋਗਰਾਮ ਚਲਾਉਂਦੇ ਹਨ ਅਤੇ ਸਭ ਤੋਂ ਵੱਧ ਸਾਇੰਸ ਵਰਗ ਦੇ ਵਿਦਿਆਰਥੀ ਪੀ. ਐੱਚ. ਡੀ. ਪ੍ਰੋਗਰਾਮ ਵਿਚ ਦਾਖਲਾ ਲੈਂਦੇ ਹਨ। ਦੇਸ਼ ਵਿਚ ਪੀ. ਐੱਚ. ਡੀ. ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 1,69,170 ਹੈ ਜਿਹੜੇ ਕੁਲ ਦਰਜਸ਼ੁਦਾ ਵਿਦਿਆਰਥੀਆਂ ਦਾ 0.5 ਫੀਸਦੀ ਤੋਂ ਵੀ ਘੱਟ ਹਨ। ਇਸ ਸਾਲਾਨਾ ਸਰਵੇਖਣ ਲਈ ਉਚ ਸਿੱਖਿਆ ਅਦਾਰਿਆਂ ਨੂੰ 3 ਹਿੱਸਿਆਂ ਵਿਚ ਵੰਡਿਆ ਗਿਆ-ਯੂਨੀਵਰਸਿਟੀਆਂ, ਕਾਲਜ ਤੇ ਆਜ਼ਾਦ ਅਦਾਰੇ ਸਾਲ 2018-19 ਦੇ ਸਰਵੇਖਣ 'ਚ ਕੁਲ 962 ਯੂਨੀਵਰਸਿਟੀਆਂ 38179 ਕਾਲਜ ਤੇ 9190 ਆਜ਼ਾਦ ਅਦਾਰੇ ਸ਼ਾਮਲ ਹੋਏ।

ਸਰਵੇਖਣ ਮੁਤਾਬਕ ਸਿਰਫ 2.5 ਫੀਸਦੀ ਕਾਲਜ ਪੀ. ਐੱਚ. ਡੀ. ਪ੍ਰੋਗਰਾਮ ਚਲਾਉਂਦੇ ਹਨ ਅਤੇ 34.9 ਫੀਸਦੀ ਕਾਲਜ ਐੱਮ. ਏ. ਪੱਧਰ ਤਕ ਦੇ ਪ੍ਰੋਗਰਾਮ ਚਲਾਉਂਦੇ ਹਨ। ਪੀ. ਐੱਚ. ਡੀ. ਪੱਧਰ 'ਤੇ ਸਭ ਤੋਂ ਵੱਧ ਵਿਦਿਆਰਥੀ ਸਾਇੰਸ ਵਰਗ ਦੇ ਹਨ ਅਤੇ ਇਸ ਪਿੱਛੋਂ ਇੰਜੀਨੀਅਰਿੰਗ ਅਤੇ ਆਈ. ਟੀ. ਵਰਗ ਦੇ ਵਿਦਿਆਰਥੀ ਹਨ। ਦੂਜੇ ਪਾਸੇ ਐੱਮ. ਏ. ਪੱਧਰ 'ਤੇ ਸਭ ਤੋਂ ਵੱਧ ਵਿਦਿਆਰਥੀ ਸਮਾਜਿਕ ਵਿਗਿਆਨ ਵਿਚੋਂ ਹਨ ਅਤੇ ਇਸ ਤੋਂ ਬਾਅਦ ਐੱਮ. ਬੀ. ਏ. ਵਰਗ ਆਉਂਦਾ ਹੈ। ਬੀ. ਏ. ਪੱਧਰ 'ਤੇ ਸਭ ਤੋਂ ਵੱਧ ਵਿਦਿਆਰਥੀ ਬੀ. ਏ. 'ਚ ਆਪਣਾ ਨਾਂ ਦਰਜ ਕਰਾਉਂਦੇ ਹਨ। ਉਸ ਪਿੱਛੋਂ ਬੀ. ਐੱਸ. ਈ. ਅਤੇ ਬੀ. ਕਾਮ ਦੀ ਥਾਂ ਹੈ। ਗ੍ਰੈਜੂਏਸ਼ਨ ਪੱਧਰ 'ਤੇ ਸਭ ਤੋਂ ਵੱਧ 35.9 ਫੀਸਦੀ ਕਲਾ ਅਤੇ ਸਮਾਜਿਕ ਵਿਗਿਆਨ ਦੇ ਸਿਲੇਬਸ ਵਿਚ ਆਪਣਾ ਨਾਂ ਦਰਜ ਕਰਾਉਂਦੇ ਹਨ। ਵਿਗਿਆਨ ਵਿਚ 16.5 ਫੀਸਦੀ, ਇੰਜੀਨੀਅਰਿੰਗ ਅਤੇ ਆਈ. ਟੀ. ਵਿਚ 13.5 ਫੀਸਦੀ ਤੇ ਵਣਜ (ਕਮਰਸ਼ੀਅਲ) ਵਿਚ 14.1 ਫੀਸਦੀ ਵਿਦਿਆਰਥੀ ਆਪਣਾ ਨਾਂ ਦਰਜ ਕਰਾਉਂਦੇ ਹਨ। ਲਗਭਗ 34.8 ਫੀਸਦੀ ਕਾਲਜ ਇਕ ਹੀ ਵਰਗ ਦੇ ਸਿਲੇਬਸ ਚਲਾਉਂਦੇ ਹਨ, ਜਿਨ੍ਹਾਂ ਵਿਚੋਂ 38.1 ਫੀਸਦੀ ਨਿੱਜੀ ਕਾਲਜ ਹਨ।

Karan Kumar

This news is Content Editor Karan Kumar