ਆਨਲਾਈਨ ਪਿੱਜ਼ਾ ਮੰਗਾਉਣਾ ਪਿਆ ਮਹਿੰਗਾ, ਲੱਗਾ 95 ਹਜ਼ਾਰ ਰੁਪਏ ਦਾ ਚੂਨਾ

12/06/2019 5:28:02 PM

ਗੈਜੇਟ ਡੈਸਕ– ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ’ਚ ਆਨਲਾਈਨ ਸਕੈਮ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਰਿਪੋਰਟ ਮੁਤਾਬਕ, ਬੈਂਗਲੁਰੂ ’ਚ ਕੰਮ ਕਰਨ ਵਾਲੇ ਐੱਨ.ਵੀ. ਸ਼ੇਖ ਨੇ ਇਕ ਫੂਡ ਡਲਿਵਰੀ ਐਪ ਰਾਹੀਂ 1 ਦਸੰਬਰ ਨੂੰ ਆਪਣੇ ਸਮਾਰਟਫੋਨ ਤੋਂ ਪਿੱਜ਼ਾ ਆਰਡਰ ਕੀਤਾ। ਆਰਡਰ ਪਲੇਸ ਕਰਨ ਦੇ 1 ਘੰਟੇ ਬਾਅਦ ਵੀ ਇਸ ਸਖਸ਼ ਦਾ ਪਿੱਜ਼ਾ ਨਹੀਂ ਆਇਆ। ਇਸ ਤੋਂ ਬਾਅਦ ਉਸ ਨੇ ਫੂਡ ਐਪ ਦੇ ਕਸਟਮਰ ਕੇਅਰ ਨੂੰ ਫੋਨ ਕੀਤਾ ਤਾਂ ਉਸ ਨੂੰ ਦੱਸਿਆ ਗਿਆ ਕਿ ਰੈਸਤਰਾਂ ਵਲੋਂ ਆਰਡਰ ਸਵਿਕਾਰ ਨਹੀਂ ਕੀਤਾ ਗਿਆ ਅਤੇ ਉਸ ਨੂੰ ਰਿਫੰਡ ਮਿਲ ਜਾਵੇਗਾ। ਰਿਪੋਰਟ ਮੁਤਾਬਕ ਸ਼ੇਖ ਨੂੰ ਕਸਟਮਰ ਕੇਅਰ ਨੇ ਦੱਸਿਆ ਕਿ ਉਸ ਨੂੰ ਇਕ ਮੈਸੇਜ ਆਏਗਾ ਅਤੇ ਇਕ ਲਿੰਕ ’ਤੇ ਕਲਿੱਕ ਕਰ ਕੇ ਉਸ ਦਾ ਰਿਫੰਡ ਪ੍ਰੋਸੈਸ ਹੋ ਜਾਵੇਗਾ। ਮਾਡੀਵਾਲਾ ਪੁਲਸ ਨੇ ਜਾਣਕਾਰੀ ਦਿੱਤੀ ਕਿ ਜਦੋਂ ਸ਼ੇਖ ਨੇ ਲਿੰਕ ’ਤੇ ਕਲਿੱਕ ਕੀਤਾ ਤਾਂ ਧੋਖੇਬਾਜ਼ਾਂ ਨੇ ਉਸ ਦਾ ਅਕਾਊਂਟ ਐਕਸੈਸ ਕਰ ਲਿਆ ਅਤੇ ਕੁਝ ਹੀ ਮਿੰਟਾਂ ’ਚ ਉਸ ਦੇ ਖਾਤੇ ’ਚੋਂ 95,000 ਰੁਪਏ ਕੱਢ ਲਏ। 

ਪੁਲਸ ਕੋਲ ਪਹੁੰਚਿਆ ਮਾਮਲਾ
ਸ਼ੇਖ ਨੇ ਪੁਲਸ ’ਚ ਮਾਮਲਾ ਦਰਜ ਕਰਵਾ ਦਿੱਤਾ। ਉਸ ਨੇ ਕਿਹਾ ਕਿ ਇਹ ਪੈਸੇ ਉਸ ਨੇ ਆਪਣੀ ਮਾਂ ਦੇ ਕੈਂਸਰ ਦੇ ਇਲਾਜ ਲਈ ਬਚਾਅ ਕੇ ਰੱਖੇ ਸਨ। ਇਸ ਪੂਰੀ ਘਟਨਾ ’ਤੇ ਫੂਡ ਐਪ ਕੰਪਨੀ ਨੇ ਕਿਹਾ ਕਿ ਉਹ ਸਿਰਫ ਚੈਟ ਅਤੇ ਈਮੇਲ ਰਾਹੀਂ ਹੀ ਕਸਟਮਰ ਨੂੰ ਅਸਿਸਟ ਕਰਦੇ ਹਨ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਗਸਟਮਰ ਦੀ ਸਕਿਓਰਿਟੀ ਅਤੇ ਸੁਰੱਖਿਆ ਯਕੀਨੀ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਆਪਣੇ ਗਾਹਕਾਂ ਨੂੰ ਸਾਵਧਾਨ ਰਹਿਣ ਅਤੇ ਕਿਸੇ ਦੇ ਨਾਲ ਨਿੱਜੀ ਜਾਂ ਬੈਂਕ ਖਾਤੇ ਦਾ ਵੇਰਵਾ ਸ਼ੇਅਰ ਨਾ ਕਰਨ ਦੀ ਅਪੀਲ ਕਰਦੇ ਹਾਂ। ਨਵੰਬਰ ’ਚ ਇਕ ਹੋਰ ਬੈਂਗਲੁਰੂ ਨਿਵਾਸੀ ਨੂੰ ਭੁਗਤਾਨ ਐਪ ਘੋਟਾਲੇ ’ਚ ਕਰੀਬ 85,000 ਰੁਪਏ ਦਾ ਚੂਨਾ ਲੱਗਾ ਸੀ।