ਇਕ ਵਾਰ ਫਿਰ ਪੀ.ਐੱਮ. ਮੋਦੀ ਦੇ ਕੰਨ ''ਚ ਕੁਝ ਕਹਿ ਗਏ ਮੁਲਾਇਮ

07/18/2017 4:02:50 PM

ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰ ਜਿੱਥੇ ਸਰਕਾਰ ਨੂੰ ਚੀਨ ਨਾਲ ਸਰਹੱਦੀ ਵਿਵਾਦ, ਜੰਮੂ-ਕਸ਼ਮੀਰ ਅਤੇ ਗਊ ਰੱਖਿਆ ਦੇ ਨਾਂ ਘੇਰਨ ਦਾ ਮਨ ਬਣਾ ਰਿਹਾ ਹੈ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਨੇਤਾ ਮੁਲਾਇਮ ਸਿੰਘ ਯਾਦਵ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨ 'ਚ ਕੁਝ ਕਹਿੰਦੇ ਹੋਏ ਦਿਖਾਈ ਦਿੱਤੇ।
ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਜਿਵੇਂ ਹੀ ਸਦਨ 'ਚ ਪੁੱਜੇ, ਹਮੇਸ਼ਾ ਦੀ ਤਰ੍ਹਾਂ ਪਹਿਲੀ ਲਾਈਨ 'ਚ ਬੈਠੇ ਵਿਰੋਧੀ ਧਿਰ ਦੇ ਨੇਤਾਵਾਂ ਕੋਲ ਚੱਲ ਕੇ ਗਏ ਅਤੇ ਹੱਥ ਜੋੜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਵੇਂ ਹੀ ਸੋਨੀਆ ਗਾਂਧੀ ਦਾ ਸਵਾਗਤ ਸਵੀਕਾਰ ਕਰਨ ਤੋਂ ਬਾਅਦ ਅੱਗੇ ਵਧੇ, ਉਨ੍ਹਾਂ ਨਾਲ ਬੈਠੇ ਮੁਲਾਇਮ ਸਿੰਘ ਯਾਦਵ ਨੇ ਬੇਹੱਦ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਹੱਥ ਫੜ ਲਿਆ ਅਤੇ ਕੁਝ ਮਿੰਟ ਤੱਕ ਇਸੇ ਤਰ੍ਹਾਂ ਖੜ੍ਹੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਾਂ ਕਰਦੇ ਰਹੇ ਅਤੇ ਉਨ੍ਹਾਂ ਦੇ ਕੰਨ 'ਚ ਹੌਲੀ ਨਾਲ ਕੁਝ ਕਿਹਾ। ਉੱਥੇ ਹੀ ਮੋਦੀ ਅਤੇ ਮੁਲਾਇਮ ਨੂੰ ਗੱਲ ਕਰਦੇ ਦੇਖ ਸੋਨੀਆ ਗਾਂਧੀ ਕੁਝ ਅਸਹਿਜ ਨਜ਼ਰ ਆਈ। ਉਹ ਮੁਸਕਰਾਉਂਦੇ ਹੋਏ ਸ਼ਾਂਤ ਖੜ੍ਹੀ ਰਹੀ। 
ਜ਼ਿਕਰਯੋਗ ਹੈ ਕਿ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਸਹੁੰ ਚੁੱਕ ਸਮਾਰੋਹ 'ਚ ਵੀ ਮੁਲਾਇਮ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨ 'ਚ ਕੁਝ ਕਹਿੰਦੇ ਨਜ਼ਰ ਆਏ ਸਨ। ਅਜਿਹੇ 'ਚ ਇਕ ਵਾਰ ਫਿਰ ਇਹ ਨਜ਼ਾਰਾ ਦੇਖਿਆ ਜਾਣਾ ਦੇਸ਼ ਦੀ ਰਾਜਨੀਤੀ ਨੂੰ ਕਈ ਮੋੜ ਦੇ ਰਿਹਾ ਹੈ।