ਗੋਆ ਪੁਲਸ ਦੇ ਨੋਟਿਸ 'ਤੇ ਕੇਜਰੀਵਾਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ

04/14/2023 2:57:37 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਜਨਤਕ ਜਾਇਦਾਦਾਂ 'ਤੇ ਗੈਰ-ਕਾਨੂੰਨੀ ਰੂਪ ਨਾਲ ਪੋਸਟਰ ਚਿਪਕਾਉਣ ਨਾਲ ਸੰਬੰਧਤ ਇਕ ਮਾਮਲੇ 'ਚ ਪੁਲਸ ਦੇ ਸਾਹਮਣੇ ਪੇਸ਼ ਹੋਣ ਲਈ ਯਕੀਨੀ ਰੂਪ ਨਾਲ ਗੋਆ ਜਾਣਗੇ। ਗੋਆ ਪੁਲਸ ਦੇ ਨੋਟਿਸ ਬਾਰੇ ਪੁੱਛੇ ਜਾਣ 'ਤੇ ਕੇਜਰੀਵਾਲ ਨੇ ਕਿਹਾ,''ਮੈਂ ਜਾਵਾਂਗਾ। ਮੈਂ ਯਕੀਨੀ ਤੌਰ 'ਤੇ ਜਾਵਾਂਗਾ।'' ਗੋਆ ਪੁਲਸ ਨੇ ਵੀਰਵਾਰ ਨੂੰ ਕੇਜਰੀਵਾਲ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ 27 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਸੀ। 

ਪੇਰਨੇਮ ਪੁਲਸ ਥਾਣੇ ਦੇ ਇੰਸਪੈਕਟਰ ਦਿਲੀਪ ਕੁਮਾਰ ਹਲਾਰੰਕਰ ਨੇ ਭਾਰਤੀ ਦੰਡਾਵਲੀ ਦੀ ਧਾਰਾ 41 (ਏ) ਦੇ ਅਧੀਨ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਧਾਰਾ ਦੇ ਅਧੀਨ ਜੇਕਰ 'ਉੱਚਿਤ' ਸ਼ਿਕਾਇਤ ਜਾਂ ਸ਼ੱਕ ਹੈ ਕਿ ਵਿਅਕਤੀ ਨੇ ਅਪਰਾਧ ਕੀਤਾ ਹੈ ਤਾਂ ਪੁਲਸ ਉਸ ਨੂੰ ਪੁੱਛ-ਗਿੱਛ ਲਈ ਬੁਲਾ ਸਕਦੀ ਹੈ। ਕੇਜਰੀਵਾਲ ਨੇ ਜਾਰੀ ਕੀਤੇ ਗਏ ਨੋਟਿਸ 'ਚ ਗੋਆ ਪੁਲਸ ਨੇ ਕਿਹਾ,''ਜਾਇਦਾਦ ਦੇ ਵਿਗਾੜ ਦੇ ਇਕ ਮਾਮਲੇ ਦੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਮੌਜੂਦਾ ਜਾਂਚ ਦੇ ਸੰਬੰਧ 'ਚ ਹਾਲਾਤਾਂ ਦੀ ਜਾਣਕਾਰੀ ਲੈਣ ਲਈ ਤੁਹਾਡੇ ਤੋਂ ਪੁੱਛ-ਗਿੱਛ ਕਰਨ ਦਾ ਉੱਚਿਤ ਆਧਾਰ ਹੈ।'' ਨੋਟਿਸ ਅਨੁਸਾਰ ਕੇਜਰੀਵਾਲ ਨੂੰ 27 ਅਪ੍ਰੈਲ ਨੂੰ ਦੁਪਹਿਰ 11 ਵਜੇ ਪੇਰਨੇਮ ਥਾਣੇ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। 'ਆਪ' ਨੇ ਭਾਜਪਾ ਸ਼ਾਸਿਤ ਸੂਬੇ 'ਚ 2022 ਦੀਆਂ ਵਿਧਾਨ ਸਭਾ ਚੋਣਾਂ 'ਚ 2 ਸੀਟਾਂ ਜਿੱਤੀਆਂ ਸਨ।

DIsha

This news is Content Editor DIsha