ਮਹਾਤਮਾ ਗਾਂਧੀ ਦੀ ਸਮਾਧੀ ਉੱਤੇ ਗੋਲਕ ਰੱਖੇ ਜਾਣ ''ਤੇ ਹਾਈ ਕੋਰਟ ਨੇ ਪਾਈ ਝਾੜ

Wednesday, Dec 06, 2017 - 10:13 AM (IST)

ਨਵੀਂ ਦਿੱਲੀ - ਹਾਈ ਕੋਰਟ ਨੇ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ 'ਤੇ ਗੋਲਕ ਰੱਖੇ ਜਾਣ 'ਤੇ ਸਖਤ ਝਾੜ ਪਾਈ ਹੈ। ਅਦਾਲਤ ਨੇ ਇਸ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਨਿਰਾਦਰ ਦੱਸਿਆ ਹੈ।
ਕਾਰਜਕਾਰੀ ਚੀਫ ਜਸਟਿਸ ਦੀ ਬੈਂਚ ਨੇ ਰਾਜਘਾਟ ਦੀ ਕਮੇਟੀ ਤੋਂ ਪੁੱਛਿਆ ਹੈ ਕਿ ਗੋਲਕ ਕਿਸ ਨੇ ਲਗਵਾਈ ਹੈ ਅਤੇ ਉਸ ਵਿਚ ਜਮ੍ਹਾ ਹੋਣ ਵਾਲਾ ਪੈਸਾ ਕਿੱਥੇ ਜਾਂਦਾ ਹੈ। ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਕੋਰਟ ਨੂੰ ਦੱਸਿਆ ਕਿ ਇਹ ਗੋਲਕ ਹਰਿਜਨ ਸੇਵਕ ਸੰਘ ਨੇ ਲਾਈ ਹੈ।
ਇਸ ਸੰਸਥਾ ਦੀ ਸ਼ੁਰੂਆਤ ਖੁਦ ਗਾਂਧੀ ਜੀ ਨੇ ਕੀਤੀ ਅਤੇ ਜਮ੍ਹਾ ਹੋਣ ਵਾਲਾ ਪੈਸਾ ਇਸ ਸੰਸਥਾ ਨੂੰ ਦਿੱਤਾ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਗੋਲਕ ਨੂੰ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਨਹੀਂ ਰੱਖਿਆ ਜਾਣਾ ਚਾਹੀਦਾ। ਸਮਾਧੀ ਦਾ ਸਨਮਾਨ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਚਿਤ ਦੇਖਭਾਲ ਹੋਣੀ ਚਾਹੀਦੀ ਹੈ।
ਬੈਂਚ ਨੇ ਰਿੱਟਕਰਤਾ ਦੇ ਵਕੀਲ ਨੂੰ ਖੁਦ ਰਾਜਘਾਟ ਦੀ ਦੇਖਭਾਲ ਤੇ ਨਾਗਰਿਕ ਸਹੂਲਤਾਂ ਦਾ ਜਾਇਜ਼ਾ ਲੈਣ ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਨੂੰ ਦੱਸਣ ਲਈ ਕਿਹਾ ਹੈ। ਮੁੱਖ ਇੰਜੀਨੀਅਰ ਇਨ੍ਹਾਂ ਨੂੰ ਠੀਕ ਕਰਾਏਗਾ।
ਅਦਾਲਤ ਨੇ ਨਾਗਰਿਕ ਸਹੂਲਤਾਂ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਜਲਦੀ ਸੁਣਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਦਾ ਹੁਕਮ ਰਾਜਘਾਟ ਸਮਾਧੀ ਕਮੇਟੀ ਨੂੰ ਦਿੱਤਾ ਹੈ। ਅਦਾਲਤ ਨੇ ਮਾਮਲੇ ਦੀ ਤਰੀਕ 30 ਜਨਵਰੀ ਤੈਅ ਕਰਦੇ ਹੋਏ ਇਸ ਤੋਂ ਪਹਿਲਾਂ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।


Related News