ਓਮ ਪ੍ਰਕਾਸ਼ ਚੌਟਾਲਾ ਦੇ ਇਤਰਾਜ਼ਯੋਗ ਬਿਆਨ ਦਾ CM ਖੱਟੜ ਨੇ ਦਿੱਤਾ ਪਲਟਵਾਰ ਜਵਾਬ

06/02/2019 9:32:38 AM

ਨਵੀਂ ਦਿੱਲੀ/ਚੰਡੀਗੜ੍ਹ—ਲੋਕ ਸਭਾ ਚੋਣਾਂ ਦਾ ਦੌਰ ਖਤਮ ਹੋਣ ਮਗਰੋਂ ਹੁਣ ਹਰਿਆਣਾ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚ ਹੁਣ ਤੋਂ ਹੀ ਮਾਹੌਲ ਗਰਮਾ ਗਿਆ ਹੈ। ਹਰਿਆਣਾ ਦੇ ਸਾਬਕਾ ਸੀ. ਐੱਮ. ਰਹੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਲੈ ਕੇ ਬੜਾ ਇਤਰਾਜ਼ਯੋਗ ਬਿਆਨ ਦਿੱਤਾ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਚੌਟਾਲਾ ਨੇ ਪੈਰੋਲ 'ਤੇ ਰਿਹਾਅ ਹੋਣ ਮਗਰੋਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ,''ਹਰਿਆਣਾ ਸੂਬੇ 'ਚ ਸਰਕਾਰ ਦੇ ਮੁੱਖ ਮੰਤਰੀ ਨੇ ਕਾਗਜ਼ਾਂ ਵਿਚ ਇਕ ਖਿੜਕੀ ਖੋਲ੍ਹੀ ਸੀ। ਮੁੱਖ ਮੰਤਰੀ ਦੀ ਖਿੜਕੀ ਵਿਚ ਆ ਕੇ ਕੋਈ ਵੀ ਦਰਖਾਸਤ ਦੇਵੇ, ਉਸਦਾ ਕੰਮ ਹੋ ਜਾਵੇਗਾ। ਮੈਂ ਉਸ ਬਹਿਸ ਵਿਚ ਨਹੀਂ ਜਾਣਾ ਚਾਹਾਂਗਾ। ਤੁਸੀਂ ਸਾਰੇ ਸਭ ਕੁਝ ਜਾਣਦੇ ਹੋ। ਸਾਡੇ ਜੋ ਨਾਲਾਇਕ ਪਸ਼ੂ ਹੁੰਦੇ ਹਨ, ਜੋ ਨਕਾਰਾ ਹੋ ਜਾਂਦੇ ਹਨ, ਬੇਕਾਰ ਹੋ ਜਾਂਦੇ ਹਨ, ਭਾਵੇਂ ਉਹ ਦੁੱਧ ਦੇਣ ਵਾਲੇ ਪਸ਼ੂ ਹੋਣ ਜਾਂ ਦੂਸਰੇ ਹੋਣ, ਅਸੀਂ ਉਨ੍ਹਾਂ ਨੂੰ ਖੱਟੜ ਕਹਿੰਦੇ ਹਾਂ। ਇਕ ਨਕਾਰਾ ਹਰਿਆਣਾ ਸੂਬੇ ਵਿਚ ਆ ਗਿਆ ਹੈ। ਕਦੇ ਸੋਚਿਆ ਹੀ ਨਹੀਂ ਸੀ ਕਿ ਇਨ੍ਹਾਂ ਦਾ ਵੀ ਦਾਅ ਲੱਗੇਗਾ। ਇਹ ਦੇਸ਼ ਦੀ ਬਦਕਿਸਮਤੀ ਸੀ, ਸੂਬੇ ਦੀ ਮਾੜੀ ਕਿਸਮਤ ਸੀ। ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ।''

ਚੌਟਾਲਾ ਦੇ ਇਸ ਇਤਰਾਜ਼ਯੋਗ ਬਿਆਨ 'ਤੇ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਇਸ ਤਰ੍ਹਾਂ ਦੀ 'ਗੈਰ-ਮਰਿਆਦਾ ਵਾਲੀ ਭਾਸ਼ਾ' ਦੀ ਵਰਤੋਂ ਲਈ ਜਨਤਾ ਉਨ੍ਹਾਂ ਨੂੰ ਸਬਕ ਸਿਖਾਏਗੀ। ਖੱਟੜ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਨੈਲੋ ਪ੍ਰਧਾਨ ਦੀ ਇਸ ਟਿੱਪਣੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਟਵੀਟ ਕੀਤਾ,''ਓਮ ਪ੍ਰਕਾਸ਼ ਚੌਟਾਲਾ ਦੀ ਇਸ ਤਰ੍ਹਾਂ ਦੀ ਗੈਰ-ਮਰਿਆਦਾ ਵਾਲੀ ਭਾਸ਼ਾ ਦੀ ਵਰਤੋਂ ਲਈ ਜਨਤਾ ਤੁਹਾਨੂੰ ਸਬਕ ਸਿਖਾਉਣ ਵਾਲੀ ਹੈ। ਤੁਸੀਂ ਮਰਿਆਦਾ ਦੀ ਉਲੰਘਣਾ ਕਰ ਸਕਦੇ ਹੋ, ਮੇਰੀ ਸਿੱਖਿਆ ਅਜਿਹੀ ਨਹੀਂ। ਈਸ਼ਵਰ ਅੱਗੇ ਪ੍ਰਾਰਥਨਾ ਕਰਾਂਗਾ ਕਿ ਉਹ ਤੁਹਾਨੂੰ ਸੁਮੱਤ ਅਤੇ ਲੰਬੀ ਉਮਰ ਬਖਸ਼ਣ।''
 

Iqbalkaur

This news is Content Editor Iqbalkaur