ਓਡ-ਈਵਨ ਕੇਜਰੀਵਾਲ ਦੀ ਗੁੰਮਰਾਹ ਕਰਨ ਵਾਲੀ ਯੋਜਨਾ : ਕਾਂਗਰਸ

09/19/2019 5:06:27 PM

ਨਵੀਂ ਦਿੱਲੀ— ਕਾਂਗਰਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਓਡ-ਈਵਨ ਯੋਜਨਾ ਨੂੰ ਗੁੰਮਰਾਹ ਕਰਨ ਵਾਲਾ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਜਦੋਂ ਤੱਕ ਲੋਕਾਂ ਨੂੰ ਜਨਤਕ ਆਵਾਜਾਈ ਦੀ ਬਿਹਤਰ ਸਹੂਲਤ ਉਪਲੱਬਧ ਨਹੀਂ ਕਰਵਾਈ ਜਾਵੇਗੀ, ਉਦੋਂ ਤੱਕ ਪ੍ਰਦੂਸ਼ਣ 'ਚ ਕਮੀ ਨਹੀਂ ਆ ਸਕਦੀ। ਕਾਂਗਰਸ ਬੁਲਾਰਾ ਸ਼ਰਮਿਠਾ ਮੁਖਰਜੀ ਨੇ ਵੀਰਵਾਰ ਨੂੰ ਇੱਥੇ ਪਾਰਟੀ ਹੈੱਡ ਕੁਆਰਟਰ 'ਚ ਕਿਹਾ ਕਿ ਕੇਜਰੀਵਾਲ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਓਡ-ਈਵਨ ਯੋਜਨਾ ਦਿੱਲੀ 'ਚ ਪ੍ਰਦੂਸ਼ਣ ਮੁਕਤੀ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ ਹੈ ਤਾਂ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜੇਕਰ ਇਹ ਇੰਨੀ ਹੀ ਮਜ਼ਬੂਤ ਯੋਜਨਾ ਸੀ ਤਾਂ ਲਾਗੂ ਕਰਨ ਤੋਂ ਬਾਅਦ ਇਸ ਨੂੰ ਫਿਰ 2 ਸਾਲ ਤੱਕ ਬੰਦ ਕਿਉਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਓਡ-ਈਵਨ ਦੇ ਨਾਂ 'ਤੇ ਉਹ ਲੋਕਾਂ ਨੂੰ ਸਿਰਫ਼ ਗੁੰਮਰਾਹ ਕਰ ਰਹੇ ਹਨ। ਪ੍ਰਦੂਸ਼ਣ ਮੁਕਤੀ ਲਈ ਉਨ੍ਹਾਂ ਦਾ ਇਹ ਤਰੀਕਾ ਜੇਕਰ ਬਹੁਤ ਕਾਰਗਰ ਹੁੰਦਾ ਤਾਂ ਇਸ ਨੂੰ ਲੈ ਕੇ ਉਹ ਵਾਹ-ਵਾਹੀ ਲੁੱਟਣ 'ਚ ਦੇਰ ਨਹੀਂ ਕਰਦੇ। ਕਿਸੇ ਵੀ ਡਾਟਾ ਨਾਲ ਸਾਬਤ ਨਹੀਂ ਹੋਇਆ ਹੈ ਕਿ ਓਡ-ਈਵਨ ਯੋਜਨਾ ਪ੍ਰਦੂਸ਼ਣ ਲਈ ਸਫ਼ਲ ਰਹੀ ਹੈ।

ਸ਼ਰਮਿਠਾ ਨੇ ਕੇਜਰੀਵਾਲ 'ਤੇ ਦਿੱਲੀ ਦੀ ਆਵਾਜਾਈ ਵਿਵਸਥਾ ਨੂੰ ਚੌਪਟ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕਾਂਗਰਸ ਦੀ ਸਰਕਾਰ ਦੇ ਸਮੇਂ ਦਿੱਲੀ 'ਚ 4-5 ਹਜ਼ਾਰ ਡੀ.ਟੀ.ਸੀ. ਦੀਆਂ ਬੱਸਾਂ ਸਨ, ਜੋ ਅੱਜ ਘੱਟ ਕੇ 3700 ਰਹਿ ਗਈਆਂ। ਦਿੱਲੀ ਨੂੰ ਜ਼ਰੂਰਤ 11 ਹਜ਼ਾਰ ਬੱਸਾਂ ਦੀ ਹੈ ਅਤੇ ਕਲਸਟਰ ਨੂੰ ਮਿਲਾ ਕੇ ਚੱਲ ਰਹੀਆਂ ਸਿਰਫ਼ 5 ਹਜ਼ਾਰ। ਇਸ ਸਰਕਾਰ ਨੇ ਇਕ ਵੀ ਬੱਸ ਨਹੀਂ ਖਰੀਦੀ ਹੈ। ਮੈਟਰੋ ਦਾ 2 ਵਾਰ ਕਿਰਾਇਆ ਵਧਾਇਆ, ਇਸ ਲਈ ਯਾਤਰੀ ਗਿਣਤੀ ਵਧ ਗਈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਮੁਫ਼ਤ 'ਚ ਬਿਜਲੀ ਪਾਣੀ ਦੇਣ ਦੀ ਗੱਲ ਕਰਦੇ ਹਨ ਤਾਂ ਰਾਜ ਸਰਕਾਰ ਨੂੰ ਮਿਲਣ ਵਾਲੇ ਫੰਡ ਦਾ ਸਾਰਾ ਪੈਸਾ ਇਸੇ 'ਚ ਜਾਂਦਾ ਹੈ, ਇਸ ਲਈ ਨਵੀਆਂ ਬੱਸਾਂ ਆਦਿ ਨਹੀਂ ਖਰੀਦੀਆਂ ਜਾ ਸਕਦੀਆਂ। ਉਹ ਪੂਰੀ ਤਰ੍ਹਾਂ ਨਾਲ ਗੁੰਮਰਾਹ ਕਰਨ 'ਚ ਲੱਗੇ ਹਨ।

DIsha

This news is Content Editor DIsha