ਕੈਨੇਡਾ ਵੱਲ ਵਧਿਆ ਭਾਰਤੀਆਂ ਦਾ ਮੋਹ, 3 ਸਾਲਾਂ ''ਚ ਗਿਣਤੀ ਹੋਈ ਦੁੱਗਣੀ

02/06/2020 7:25:36 PM

ਟੋਰਾਂਟੋ- ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਿਚ ਕੈਨੇਡਾ ਜਾਣ ਦਾ ਮੋਹ ਵਧਦਾ ਹੀ ਜਾ ਰਿਹਾ ਹੈ। ਇਕ ਅਮਰੀਕੀ ਥਿੰਕ ਟੈਂਕ ਮੁਤਾਬਕ ਬੀਤੇ ਤਿੰਨ ਸਾਲਾਂ ਵਿਚ ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਨੈਸ਼ਨਲ ਫਾਊਂਡੇਸ਼ਨ ਫਾਰ ਅਮੈਰੀਕਨ ਪਾਲਿਸੀ (ਐਨ.ਐਫ.ਏ.ਪੀ.) ਨੇ ਕਿਹਾ ਕਿ ਇਹ ਤਬਦੀਲੀ ਅਮਰੀਕਾ ਵਲੋਂ ਇਮੀਗ੍ਰੇਸ਼ਨ 'ਤੇ ਵਧੀਆਂ ਪਾਬੰਦੀਆਂ ਦੇ ਕਾਰਨ ਜਾਰੀ ਹੈ।

ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ 'ਤੇ ਐਨ.ਐਫ.ਏ.ਪੀ. ਦੇ ਵਿਸ਼ਲੇਸ਼ਣ ਮੁਤਾਬਕ ਨਵੰਬਰ 2019 ਤੱਕ 80,685 ਭਾਰਤੀਆਂ ਨੇ ਕੈਨੇਡਾ ਵਿਚ ਸਥਾਈ ਨਿਵਾਸ ਦੀ ਚੋਣ ਕੀਤੀ, ਜੋ ਕਿ ਸਾਲ 2016 ਦੇ 39,705 ਲੋਕਾਂ ਨਾਲੋਂ 105 ਫੀਸਦੀ ਵਧੇਰੇ ਸੀ। ਐਨ.ਐਫ.ਏ.ਪੀ. ਦੇ ਕਾਰਜਕਾਰੀ ਡਾਇਰੈਕਟਰ ਸਟੂਅਰਟ ਐਂਡਰਸਨ ਨੇ ਕਿਹਾ ਕਿ ਇਹ ਇਤਫਾਕ ਨਹੀਂ ਹੈ ਕਿ ਇਕੋ ਸਮੇਂ ਕੈਨੇਡਾ ਵਿਚ ਪੜ੍ਹਨ ਤੇ ਪਰਵਾਸ ਕਰਨ ਦੀ ਚੋਣ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, (ਜਿਵੇਂ ਕਿ) ਭਾਰਤੀਆਂ ਲਈ ਸੰਯੁਕਤ ਰਾਜ ਅਮਰੀਕਾ ਵਿਚ ਕੰਮ ਕਰਨਾ ਤੇ ਪਰਵਾਸ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ। ਇਸ ਦੌਰਾਨ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਨਾਲ ਅੰਕੜੇ ਵਧੇ ਹਨ, ਇਹ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਕਿ ਕਿੰਨੇ ਭਾਰਤੀ ਸਿੱਧੇ ਭਾਰਤ ਤੋਂ ਆਏ ਹਨ ਤੇ ਕਿੰਨੇ ਅਮਰੀਕਾ ਤੋਂ ਆਏ ਹਨ।

ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਮੀਗ੍ਰੇਸ਼ਨ ਵਿਰੋਧੀ ਬਿਆਨਬਾਜ਼ੀ ਕਾਰਨ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤੇ ਹਨ, ਉਹਨਾਂ ਨੇ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਹੈ ਤੇ ਇਮੀਗ੍ਰੇਸ਼ਨ 'ਤੇ ਵਧੇਰੇ ਪਾਬੰਦੀਆਂ ਲਗਾਈਆਂ ਹਨ। ਇਹਨਾਂ ਪਾਬੰਦੀਆਂ ਕਾਰਨ ਬਹੁਤ ਸਾਰੇ ਭਾਰਤੀ ਪ੍ਰਭਾਵਿਤ ਹੋਏ ਹਨ। ਅਮਰੀਕਾ ਦੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸਰਵਿਸ ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ ਵਿਚ ਐਚ-1 ਬੀ ਵੀਜ਼ਾ ਲਈ ਛੋਟੀ ਮਿਆਦ ਦੇ ਵਰਕ ਪਰਮਿਟ ਰੱਦ ਹੋਣ ਦੀ ਦਰ 24 ਫੀਸਦੀ 'ਤੇ ਪਹੁੰਚ ਗਈ ਜੋ ਕਿ ਵਿੱਤੀ ਸਾਲ 2015 ਵਿਚ 6 ਫੀਸਦੀ 'ਤੇ ਸੀ।