ਬਿਨਾਂ ਕਿਸੇ ਰੁਕਾਵਟ ਆਸਾਨੀ ਨਾਲ ਬੰਦ ਕੀਤੇ ਜਾ ਸਕਦੇ ਹਨ 2000 ਦੇ ਨੋਟ : ਗਰਗ

11/08/2019 1:52:03 PM

ਨਵੀਂ ਦਿੱਲੀ—ਆਰਥਿਕ ਮਾਮਲਿਆਂ ਦੇ ਸਾਬਕਾ ਸਕੱਤਰ ਐੱਸ.ਸੀ. ਗਰਗ ਨੇ ਕਿਹਾ ਕਿ ਦੋ ਹਜ਼ਾਰ ਦੇ ਨੋਟ ਆਸਾਨੀ ਨਾਲ ਬਾਜ਼ਾਰ 'ਚੋਂ ਹਟਾਏ ਜਾ ਸਕਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੇ ਦੋ ਹਜ਼ਾਰ ਦੇ ਨੋਟ ਜਮ੍ਹਾ ਕਰ ਲਏ ਹਨ, ਜਿਸ ਦੀ ਵਜ੍ਹਾ ਨਾਲ ਹੁਣ ਇਹ ਜ਼ਿਆਦਾ ਚਲਨ 'ਚ ਨਹੀਂ ਹਨ। ਇਨ੍ਹਾਂ ਨੂੰ ਬਿਨਾਂ ਕਿਸੇ ਵੱਡੀ ਰੁਕਾਵਟ ਦੇ ਆਸਾਨੀ ਨਾਲ ਬੰਦ ਕੀਤਾ ਜਾ ਸਕਦਾ ਹੈ।
ਗਰਗ ਨੇ ਕਿਹਾ ਕਿ ਇਸ ਸਮੇਂ ਜ਼ਿਆਦਾ ਚਲਨ 'ਚ ਨਹੀਂ ਹੋਣ ਦੇ ਚੱਲਦੇ ਇਨ੍ਹਾਂ ਦੇ ਬਾਜ਼ਾਰ ਤੋਂ ਹੱਟਣ 'ਤੇ ਕਿਸੇ ਤਰ੍ਹਾਂ ਦੀ ਲੈਣ-ਦੇਣ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਾਬਕਾ ਸਕੱਤਰ ਨੇ ਕਿਹਾ ਕਿ ਬੈਂਕਾਂ ਦਾ ਰਾਸ਼ਟਰੀਕਰਨ ਇਕ ਵੱਡੀ ਗਲਤੀ ਸੀ। ਇਸ ਦੀ ਵਜ੍ਹਾ ਨਾਲ ਕ੍ਰੈਡਿਟ ਦਾ ਵਿਸਤਾਰ ਨਹੀਂ ਹੋ ਪਾਇਆ, ਜਿਸ ਨਾਲ ਨੁਕਸਾਨ ਝੱਲਣਾ ਪਵੇਗਾ।


ਗਰਗ ਨੇ ਸਰਕਾਰ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਜਨਤਕ ਖੇਤਰ ਦੇ ਸਾਰੇ ਉਪਕ੍ਰਮ ਜਾਂ ਤਾਂ ਬੰਦ ਕਰ ਦਿੱਤੇ ਜਾਣ ਜਾਂ ਇਨ੍ਹਾਂ ਨੂੰ ਨਿੱਜੀ ਖੇਤਰ ਨੂੰ ਵੇਚ ਦਿੱਤਾ ਜਾਵੇ। ਉਨ੍ਹਾਂ ਨੇ ਇੰਫਰਾਸਟਰਕਚਰ 'ਚ ਸੁਧਾਰ ਦੀ ਲੋੜ 'ਤੇ ਬਲ ਦਿੱਤਾ ਹੈ। ਇਸ ਲਈ ਚੰਗੀਆਂ ਨੀਤੀਆਂ ਅਤੇ ਪ੍ਰੋਗਰਾਮ ਬਣਾਏ ਜਾਣੇ ਚਾਹੀਦੇ। ਇਸ ਦੇ ਇਲਾਵਾ ਗਰਗ ਨੇ ਸਰਕਾਰ ਨੂੰ ਟੈਕਸ ਸੰਬੰਧੀ ਘੋਸ਼ਣਾਵਾਂ ਨੂੰ ਬਜਟ ਦਾ ਹਿੱਸਾ ਨਹੀਂ ਬਣਾਉਣ ਦਾ ਸੁਝਾਅ ਵੀ ਦਿੱਤਾ ਹੈ। ਦੱਸ ਦੇਈਏ ਕਿ ਸਰਕਾਰ ਨੇ ਅਰਥਵਿਵਸਥਾ ਨੂੰ ਲੈਸ-ਕੈਸ਼ ਬਣਾਉਣ ਦੇ ਇਰਾਦੇ ਨਾਲ ਨੋਟਬੰਦੀ ਕੀਤੀ ਸੀ ਪਰ ਇਸ ਦੇ ਬਾਅਦ ਨਕਦੀ ਦੇ ਚਲਨ ਘੱਟ ਹੋਣ ਦੀ ਬਜਾਏ ਕਾਫੀ ਵਧ ਗਿਆ ਹੈ। ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਮਾਰਚ ਦੇ ਅੰਤ 'ਚ ਚਲਣ 'ਚ ਬੈਂਕ ਨੋਟਾਂ ਦਾ ਮੁੱਲ ਵਧ ਕੇ 21,109 ਅਰਬ ਰੁਪਏ ਹੋ ਗਿਆ ਹੈ ਜਦੋਂਕਿ ਨੋਟਬੰਦੀ ਦੇ ਠੀਕ ਬਾਅਦ ਮਾਰਚ 2017 'ਚ ਇਹ ਅੰਕੜਾ 13,102 ਅਰਬ ਰੁਪਏ ਸੀ।


ਇਸ ਤਰ੍ਹਾਂ ਸਿਰਫ ਦੋ ਸਾਲ 'ਚ ਹੀ ਚਲਣ 'ਚ ਬੈਂਕ ਨੋਟਾਂ ਦੇ ਮੁੱਲ 'ਚ ਭਾਰੀ-ਭਰਕਮ 61 ਫੀਸਦੀ ਦਾ ਵਾਧਾ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ 500 ਰੁਪਏ ਦੇ ਨੋਟ ਦਾ ਚਲਨ ਵਧ ਗਿਆ ਹੈ ਜਦੋਂਕਿ 2000 ਰੁਪਏ ਦੇ ਨੋਟ ਦੀ ਵਰਤੋਂ 'ਚ ਕਮੀ ਆ ਗਈ ਹੈ। ਉੱਧਰ ਅਜੇ ਲਗਭਗ ਕੁਝ ਮਹੀਨੇ ਪਹਿਲਾਂ ਖਬਰ ਆਈ ਸੀ ਕਿ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਦੀ ਛਪਾਈ 'ਚ ਵੀ ਭਾਰੀ ਕਟੌਤੀ ਕੀਤੀ ਹੈ।
ਵਰਣਨਯੋਗ ਹੈ ਕਿ ਮੋਦੀ ਸਰਕਾਰ ਨੇ ਅੱਠ ਨਵੰਬਰ 2016 ਨੂੰ ਨੋਟਬੰਦੀ ਦਾ ਫੈਸਲਾ ਕਰਦੇ ਹੋਏ 500 ਰੁਪਏ ਅਤੇ 1000 ਰੁਪਏ ਦੇ ਪੁਰਾਣੇ ਨੋਟ ਨੂੰ ਬੰਦ ਕਰਨ ਅਤੇ 500 ਰੁਪਏ ਅਤੇ ਦੋ ਹਜ਼ਾਰ ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਫੈਸਲਾ ਕੀਤਾ ਸੀ।

Aarti dhillon

This news is Content Editor Aarti dhillon