ਮਮਤਾ ਨੇ ਕੀਤੀ ਸ਼ਾਹ ਨਾਲ ਮੁਲਾਕਾਤ, ਬੋਲੀ- NRC ਤੋਂ ਡਰੇ ਹੋਏ ਹਨ ਲੋਕ

09/19/2019 2:29:12 PM

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਐੱਨ.ਆਰ.ਸੀ. ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਮਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਮਤਾ ਨੇ ਮੋਦੀ ਨੂੰ ਬੰਗਾਲ ਆਉਣ ਦਾ ਸੱਦਾ ਵੀ ਦਿੱਤਾ। ਮਮਤਾ ਦੇ ਬਦਲੇ ਰੁਖ ਦਾ ਭਾਜਪਾ ਨੇ ਸਵਾਗਤ ਕੀਤਾ ਹੈ। ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮਮਤਾ ਨੇ ਕਿਹਾ,''ਮੈਂ ਪਹਿਲੀ ਵਾਰ ਗ੍ਰਹਿ ਮੰਤਰੀ ਨੂੰ ਮਿਲੀ। ਮੇਰਾ ਹਮੇਸ਼ਾ ਦਿੱਲੀ ਆਉਣਾ ਨਹੀਂ ਹੁੰਦਾ। ਕੱਲ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਮਿਲੀ ਸੀ। ਇਹ ਮੁਲਾਕਾਤ ਗ੍ਰਹਿ ਮੰਤਰੀ ਨਾਲ ਸੰਵਿਧਾਨਕ ਗਲਤ ਵਰਤੋਂ ਸਮੇਤ ਕਈ ਮਾਮਲਿਆਂ ਨੂੰ ਲੈ ਕੇ ਹੋਈ।''
 

ਐੱਨ.ਆਰ.ਸੀ. ਨੂੰ ਲੈ ਕੇ ਡਰੇ ਹੋਏ ਹਨ ਲੋਕ
ਮਮਤਾ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੌਰਾਨ ਐੱਨ.ਆਰ.ਸੀ. ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਨੇ ਕਿਹਾ,''ਮੈਂ ਉਨ੍ਹਾਂ ਨੂੰ ਇਕ ਪੱਤਰ ਸੌਂਪਿਆ ਹੈ। ਮੈਂ ਐੱਨ.ਆਰ.ਸੀ. ਤੋਂ ਬਾਹਰ ਕੀਤੇ ਗਏ 19 ਲੱਖ ਲੋਕਾਂ ਬਾਰੇ ਗੱਲ ਕੀਤੀ। ਇਨ੍ਹਾਂ ਲੋਕਾਂ 'ਚ ਕਈ ਬੰਗਾਲੀ, ਗੋਰਖਾ ਅਤੇ ਹਿੰਦੀ ਬੋਲਣ ਵਾਲੇ ਲੋਕ ਵੀ ਸ਼ਾਮਲ ਹਨ। ਸਹੀ ਨਾਗਰਿਕਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ। ਮੈਂ ਇੱਥੇ ਕਈ ਮਸਲਿਆਂ 'ਤੇ ਚਰਚਾ ਲਈ ਆਈ ਸੀ।'' ਉਨ੍ਹਾਂ ਨੇ ਕਿਹਾ ਕਿ ਐੱਨ.ਆਰ.ਸੀ. ਤੋਂ ਲੋਕ ਡਰੇ ਹੋਏ ਹਨ ਅਤੇ ਨਾਗਰਿਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।
 

ਰਾਜੀਵ ਕੁਮਾਰ ਨੂੰ ਤਿੰਨ ਵਾਰ ਭੇਜਿਆ ਗਿਆ ਸੰਮਨ
ਇਸ ਤੋਂ ਪਹਿਲਾਂ ਮਮਤਾ ਨੇ ਸ਼ਾਹ ਨਾਲ ਮਿਲਣ ਦੀ ਇੱਛਾ ਅਜਿਹੇ ਸਮੇਂ ਜ਼ਾਹਰ ਕੀਤੀ ਹੈ, ਜਦੋਂ ਸੀ.ਬੀ.ਆਈ. ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਵਿਰੁੱਧ ਹਥੌੜਾ ਚੱਲਾ ਰਹੀ ਹੈ। ਦਰਅਸਲ ਸ਼ਾਰਦਾ ਚਿਟਫੰਡ ਮਾਮਲੇ 'ਚ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦਾ ਪਤਾ ਲਗਾਉਣ ਲਈ ਸੀ.ਬੀ.ਆਈ. ਨੇ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਨਾਲ ਹੀ ਉਨ੍ਹਾਂ ਦਾ ਪਤਾ ਲਗਾਉਣ ਲਈ ਸੀ.ਬੀ.ਆਈ. ਕਈ ਥਾਂਵਾਂ 'ਤੇ ਛਾਪੇਮਾਰੀ ਵੀ ਕਰ ਰਹੀ ਹੈ। ਸੂਤਰਾਂ ਅਨੁਸਾਰ ਰਾਜੀਵ ਕੁਮਾਰ ਨੂੰ ਤਿੰਨ ਵਾਰ ਸੰਮਨ ਭੇਜਿਆ ਗਿਆ ਹੈ, ਉਹ ਹੁਣ ਤੱਕ ਹਾਜ਼ਰ ਨਹੀਂ ਹੋਏ ਹਨ।
 

ਬੰਗਾਲ ਦਾ ਨਾਂ ਬਦਲਣ 'ਤੇ ਕੀਤੀ ਚਰਚਾ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿਆਸੀ ਅਟਕਲਾਂ ਦਰਮਿਆਨ 15 ਮਹੀਨੇ ਦੇ ਅੰਰਤਾਲ ਤੋਂ ਬਾਅਦ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਦੇ ਹੋਏ ਰਾਜ 'ਚ ਕੁਝ ਰੁਕੇ ਹੋਏ ਪ੍ਰਾਜੈਕਟਾਂ ਨੂੰ ਮੁੜ ਚਾਲੂ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਾਲ ਬੈਠਕ ਨੂੰ ਚੰਗਾ ਦੱਸਦੇ ਹੋਏ ਮਮਤਾ ਨੇ ਕਿਹਾ ਕਿ ਰਾਜ ਦਾ ਨਾਂ ਬਦਲਣ ਨਾਲ ਸੰਬੰਧਤ ਉਨ੍ਹਾਂ ਦਾ ਏਜੰਡਾ ਸਭ ਤੋਂ ਉੱਪਰ ਹੈ। ਉਨ੍ਹਾਂ ਨੇ ਕਿਹਾ,''ਅਸੀਂ ਪੱਛਮੀ ਬੰਗਾਲ ਦਾ ਨਾਂ ਬਦਲ ਕੇ ਬਾਂਗਲਾ ਕਰਨ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਨੇ ਇਸ ਬਾਰੇ ਕੁਝ ਕਰਨ ਦਾ ਵਾਅਦਾ ਵੀ ਕੀਤਾ ਹੈ।'' ਇਸ ਤੋਂ ਇਲਾਵਾ ਬੈਠਕ ਦੌਰਾਨ ਰੇਲਵੇ ਅਤੇ ਖਨਨ ਨਾਲ ਸੰਬੰਧਤ ਰੁਕੇ ਹੋਏ ਪ੍ਰਾਜੈਕਟਾਂ ਅਤੇ ਕੁਝ ਜਨਤਕ ਖੇਤਰ ਦੀਆਂ ਇਕਾਈਆਂ ਦੇ ਵਿਨਿਵੇਸ਼ ਦੇ ਸੰਬੰਧ 'ਚ ਵੀ ਗੱਲਬਾਤ ਕੀਤੀ ਗਈ।

DIsha

This news is Content Editor DIsha