ਸਕੂਲਾਂ ''ਚ ਹੁਣ ਬੱਚੇ ਪੜ੍ਹਾਈ ਦੇ ਨਾਲ-ਨਾਲ ਸਿੱਖਣਗੇ ''ਸ਼ਤਰੰਜ ਦੀ ਚਾਲ''

06/26/2019 11:47:38 AM

ਨਵੀਂ ਦਿੱਲੀ— ਸਕੂਲਾਂ 'ਚ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਹੁਣ ਬੱਚਿਆਂ ਦੀ ਦਿਮਾਗੀ ਸਮਰੱਥਾ ਵਧਾਉਣ ਦਾ ਵੀ ਕੰਮ ਹੋਵੇਗਾ। ਨਵੀਂ ਸਿੱਖਿਆ ਨੀਤੀ 'ਚ ਇਸ ਨੂੰ ਲੈ ਕੇ ਵੱਡੇ ਪੱਧਰ 'ਤੇ ਪਹਿਲ ਕੀਤੀ ਜਾ ਰਹੀ ਹੈ। ਇਸ ਨਵੀਂ ਸਿੱਖਿਆ ਨੀਤੀ ਤਹਿਤ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਜ਼ਰੂਰੀ ਰੂਪ ਨਾਲ ਸ਼ਤਰੰਜ ਖੇਡਣ ਲਈ ਪ੍ਰੇਰਿਤ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੂੰ ਸ਼ਬਦ ਅਤੇ ਤਰਕ ਪਹੇਲੀਆਂ ਵਰਗੀਆਂ ਗਤੀਵਿਧੀਆਂ ਨਾਲ ਵੀ ਜੋੜਨ ਦੀ ਸਿਫਾਰਸ਼ ਕੀਤੀ ਗਈ ਹੈ। ਨਵੀਂ ਸਿੱਖਿਆ ਨੀਤੀ ਵਿਚ ਬੱਚਿਆਂ ਦੀ ਘੱਟਦੀ ਦਿਮਾਗੀ ਸਮਰੱਥਾ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ, ਜਿਸ ਨੂੰ ਲੈ ਕੇ ਇਹ ਪਹਿਲ ਕੀਤੀ ਜਾ ਰਹੀ ਹੈ। ਨਵੀਂ ਸਿੱਖਿਆ ਨੀਤੀ ਦੇ ਪ੍ਰਸਤਾਵਿਤ ਮਸੌਦੇ 'ਚ ਕਿਹਾ ਗਿਆ ਹੈ, ਜਿਸ ਤਰ੍ਹਾਂ ਸਕੂਲ 'ਚ ਬੱਚਿਆਂ ਨੂੰ ਸਿਹਤਮੰਦ ਰਹਿਣ ਲਈ ਖੇਡਾਂ ਖੇਡਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਨਾਲ ਸਰੀਰਕ ਕਸਰਤ ਜ਼ਰੂਰੀ ਹੈ। ਉਸੇ ਤਰ੍ਹਾਂ ਨਾਲ ਦਿਮਾਗੀ ਵਿਕਾਸ ਲਈ ਕਸਰਤ ਵੀ ਜ਼ਰੂਰੀ ਹੈ, ਜੋ ਸ਼ਤਰੰਜ ਜਾਂ ਦੂਜੀਆਂ ਦਿਮਾਗੀ ਗਤੀਵਿਧੀਆਂ ਤੋਂ ਹੀ ਹਾਸਲ ਹੋ ਸਕਦੀ ਹੈ। 

ਨਵੀਂ ਸਿੱਖਿਆ ਨੀਤੀ ਵਿਚ ਕਿਹਾ ਗਿਆ ਹੈ ਕਿ ਜੇਕਰ ਸਕੂਲੀ ਪੱਧਰ 'ਤੇ ਬੱਚਿਆਂ ਵਿਚ ਤਰਕ ਕਰਨ ਦੀ ਇਹ ਸਮਰੱਥਾ ਵਿਕਸਿਤ ਕਰ ਦਿੱਤੀ ਜਾਵੇ ਤਾਂ ਉਸ ਨੂੰ ਪੂਰੀ ਜ਼ਿੰਦਗੀ ਉਸ ਦਾ ਫਾਇਦਾ ਮਿਲੇਗਾ। ਮਸੌਦੇ ਵਿਚ ਬੱਚਿਆਂ ਨੂੰ ਗਣਿਤ ਅੰਕ ਗਿਆਨ ਨਾਲ ਜੋੜਨ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਮੌਜੂਦਾ ਸਮੇਂ ਵਿਚ ਬੱਚੇ ਸਿਰਫ ਇਕ ਕਰੋੜ ਤਕ ਗਿਣਨਾ ਹੀ ਸਿੱਖਦੇ ਹਨ, ਜੋ ਕਿ ਅੱਜ ਦੀ ਦੁਨੀਆ ਵਿਚ ਨਾ-ਕਾਫ਼ੀ ਹੈ। ਅੱਜ ਦੇ ਆਧੁਨਿਕ ਸਮੇਂ ਵਿਚ ਬੱਚਿਆਂ ਦੀ ਦਿਮਾਗੀ ਸਮਰੱਥਾ ਵਧਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਸ਼ਤਰੰਜ ਨੂੰ ਪੂਰੀ ਤਾਕਤ ਨਾਲ ਹੱਲਾ-ਸ਼ੇਰੀ ਦੇਣ ਦੀ ਗੱਲ ਆਖੀ ਗਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਖੇਡ ਦੀ ਸ਼ੁਰੂਆਤ ਭਾਰਤ ਵਿਚ ਹੀ ਹੋਈ ਹੈ। ਭਾਰਤੀ ਬੱਚਿਆਂ ਨੂੰ ਇਸ ਖੇਡ ਨਾਲ ਜ਼ਰੂਰੀ ਰੂਪ ਨਾਲ ਜੋੜਨਾ ਚਾਹੀਦਾ ਹੈ। ਇੱਥੇ ਦੱਸ ਦੇਈਏ ਕਿ ਕਿ ਨਵੀਂ ਸਿੱਖਿਆ ਨੀਤੀ ਦੇ ਮਸੌਦੇ 'ਤੇ ਸਰਕਾਰ ਫਿਲਹਾਲ ਅਜੇ ਰਾਇ ਲੈ ਰਹੀ ਹੈ, ਜਿਸ ਦੀ ਆਖਰੀ ਮਿਤੀ 30 ਜੂਨ ਹੈ। ਇਸ ਤੋਂ ਬਾਅਦ ਹੀ ਇਸ ਨੂੰ ਅਮਲ 'ਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।

Tanu

This news is Content Editor Tanu