ਹੁਣ ਪਾਕਿ ਟਰੈਫਿਕ ਪੁਲਸ ਲੈ ਰਹੀ ਹੈ ਬੁਮਰਾਹ ਦੀ ਨੋ-ਬਾਲ ਦਾ ਸਹਾਰਾ

06/23/2017 8:56:33 PM

ਇਸਲਾਮਬਾਦ — ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ 'ਚ ਟਰੈਫਿਕ ਪੁਲਸ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਚੈਂਪੀਅਨ ਟਰਾਫੀ ਦੇ ਫਾਈਨਲ 'ਚ ਨੋ-ਬਾਲ ਦੀ ਫੋਟੋ ਦਾ ਇਸਤੇਮਾਲ ਡਰਾਈਵਰਾਂ ਨੂੰ ਲਾਲ ਬੱਤੀ ਦੀ ਲਾਈਨ ਤੋਂ ਪਿੱਛੇ ਰਹਿਣ ਦੀ ਚੇਤਾਵਨੀ ਦੇਣ ਲਈ ਕਰ ਰਹੀ ਹੈ। ਟਰੈਫਿਕ ਪੁਲਸ ਆਪਣੇ ਪੋਸਟਰਾਂ 'ਚ ਬੁਮਰਾ ਦੀ ਨੋ-ਬਾਲ ਦੀ ਫੋਟੋ ਦਾ ਇਸਤੇਮਾਲ ਕਰ ਰਹੀ ਹੈ। ਇਸ ਫੋਟੋ 'ਚ 2 ਕਾਰਾਂ ਇਕ ਪਾਸੇ ਲਾਈਨ ਦੇ ਪਿੱਛੇ ਹਨ ਅਤੇ ਬੁਮਰਾਹ ਦੀ ਨੋ-ਬਾਲ ਦੂਜੇ ਪਾਸੇ ਹੈ ਅਤੇ ਇਸ ਦਾ ਸਿਰਲੇਖ ਹੈ- ਇਸ ਲਾਈਨ ਨੂੰ ਨਾ ਪਾਰ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਨੋ-ਬਾਲ ਕਿੰਨੀ ਮਹਿੰਗੀ ਸਾਬਤ ਹੋ ਸਕਦੀ ਹੈ। ਇਸ ਸਿਰਲੇਖ ਦੇ ਹੇਠਾਂ ਸਿਟੀ ਟਰੈਫਿਕ ਪੁਲਸ ਫੈਸਲਾਬਾਦ ਦਾ ਲੋਗੋ ਹੈ। ਬੁਮਰਾਹ ਦੀ ਨੋ-ਬਾਲ ਨੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਜ਼ਫਰ ਜਮਾਂ ਨੂੰ ਭਾਰਤ ਦੇ ਖਿਲਾਫ ਚੈਂਪੀਅਨ ਟਰਾਫੀ ਫਾਈਨਲ 'ਚ ਜੀਵਨਦਾਨ ਦਿੱਤਾ ਸੀ, ਜਿਸ ਨੇ 114 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ ਸੀ। ਭਾਰਤ ਇਸ ਮੈਚ 'ਚ 180 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਗਿਆ ਸੀ।