ਹੁਣ ਬਗੈਰ ਪੁਰਸ਼ ਦੇ ਹਜ ''ਤੇ ਜਾ ਸਕਣਗੀਆਂ ਮੁਸਲਿਮ ਔਰਤਾਂ

01/02/2018 5:00:12 AM

ਨਵੀਂ ਦਿੱਲੀ— ਮੁਸਲਿਮ ਔਰਤਾਂ ਲਈ ਮੋਦੀ ਸਰਕਾਰ ਦੀ ਨਵੀਂ ਪੇਸ਼ਕਸ਼ ਨਾਲ ਮੁਸਲਿਮ ਔਰਤਾਂ ਕਾਫੀ ਉਤਸਾਹਿਤ ਹਨ। ਕੇਂਦਰ ਸਰਕਾਰ ਨੇ ਇਹ ਤੈਅ ਕੀਤਾ ਹੈ ਕਿ 45 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਹੁਣ ਬਗੈਰ ਕਿਸੇ ਪੁਰਸ਼ ਦੇ ਹਜ ਯਾਤਰਾ 'ਤੇ ਜਾ ਸਕਣਗੀਆਂ। ਇਸ ਤੋਂ ਪਹਿਲਾਂ ਭਾਰਤ 'ਚ ਹਰੇਕ ਔਰਤ ਨੂੰ ਕਿਸੇ ਪੁਰਸ਼ ਨਾਲ ਹੀ ਹਜ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਅਜਿਹਾ ਕਾਨੂੰਨ ਨਹੀਂ ਸੀ।
ਨਵੇਂ ਨਿਯਮ ਮੁਤਾਬਕ ਹੁਣ 45 ਸਾਲ ਤੋਂ ਜ਼ਿਆਦਾ ਉਮਰ ਦੀ ਔਰਤ ਨੂੰ ਬਗੈਰ ਕਿਸੇ ਪੁਰਸ਼ ਰਿਸ਼ਤੇਦਾਰ ਦੇ ਹਜ 'ਤੇ ਜਾਣ ਦੀ ਇਜਾਜ਼ਤ ਹੋਵੇਗੀ ਪਰ ਔਰਤਾਂ ਨੂੰ ਚਾਰ ਲੋਕਾਂ ਦੇ ਗਰੁੱਪ ਨਾਲ ਜਾਣਾ ਹੋਵੇਗਾ। 45 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਪੁਰਸ਼ ਦੀ ਜ਼ਰੂਰਤ ਹੋਵੇਗੀ। ਦਰਅਸਲ ਸਾਊਦੀ ਅਰਬ ਦੇ ਕਾਨੂੰਨ 'ਚ 45 ਸਾਲ ਦੀ ਉਮਰ ਨਿਰਧਾਰਤ ਕੀਤੀ ਗਈ ਹੈ।
ਅਫਰੀਕੀ ਦੇਸ਼ਾਂ ਦੀ ਜ਼ਿਆਦਾਤਰ ਔਰਤਾਂ ਬਗੈਰ ਪੁਰਸ਼ ਦੇ ਹੀ ਹਜ 'ਤੇ ਜਾਂਦੀਆਂ ਹਨ ਪਰ ਭਾਰਤ 'ਚ ਹੁਣ ਤਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਸੀ। ਭਾਰਤ 'ਚ ਇਹ ਨਿਯਮ ਲਾਗੂ ਹੋਣ ਨਾਲ ਮੁਸਲਿਮ ਔਰਤਾਂ 'ਚ ਕਾਫੀ ਉਤਸ਼ਾਹ ਹੈ। ਇਸ ਮਾਮਲੇ 'ਚ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਕਮੇਟੀ 2017 'ਚ ਆਪਣੀ ਸਿਫਾਰਿਸ਼ ਦਿੱਤੀ ਸੀ। ਉਸ ਤੋਂ ਬਾਅਦ ਕਈ ਔਰਤਾਂ ਨੇ ਬਗੈਰ ਪੁਰਸ਼ ਦੇ ਹਜ ਕਰਨ ਦੀ ਅਰਜ਼ੀ ਹਜ ਕਮੇਟੀ ਨੂੰ ਦਿੱਤੀ ਹੈ। 2018 'ਚ ਹਜ ਕਰਨ ਦੀ ਅਰਜੀ ਦੇਣ ਦੀ ਆਖਰੀ ਤਰੀਕ  22 ਦਸੰਬਰ 2017 ਸੀ। ਹੁਣ ਤਕ 1300 ਔਰਤਾਂ ਨੇ ਬਗੈਰ ਪੁਰਸ਼ ਦੇ ਹਜ 'ਤੇ ਜਾਣ ਦੀ ਅਰਜੀ ਦਿੱਤੀ ਹੈ। ਇਨ੍ਹਾਂ 'ਚੋਂ 1088 ਔਰਤਾਂ ਕੇਰਲ ਤੋਂ ਸੰਬੰਧਿਤ ਹਨ। ਇਸ ਸਾਲ ਭਾਰਤ ਤੋਂ 1,70,000 ਲੋਕ ਹਜ ਲਈ ਜਾਣਗੇ।