ਹੁਣ ਅੱਧਾ ਲਿਟਰ ਦੁੱਧ ਦੇ ਪੈਕੇਟ ਲਈ ਖਰਚ ਕਰਨੇ ਪੈ ਸਕਦੇ ਹਨ ਜ਼ਿਆਦਾ ਪੈਸੇ

08/22/2019 5:22:37 PM

ਨਵੀਂ ਦਿੱਲੀ — ਜਲਦੀ ਆਮ ਲੋਕਾਂ ਦੀ ਜੇਬ 'ਤੇ ਭਾਰ ਵਧਣ ਵਾਲਾ ਹੈ । ਹੁਣ ਅੱਧਾ ਲਿਟਰ ਦੁੱਧ ਦਾ ਪੈਕੇਟ ਖਰੀਦਣ ਲਈ ਲੋਕਾਂ ਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੇਂਦਰ ਸਰਕਾਰ ਨੇ ਦੁੱਧ ਦੀ ਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਅਜਿਹਾ ਕਰਨ ਲਈ ਕਿਹਾ ਹੈ। ਹਾਲਾਂਕਿ ਇਕ ਲਿਟਰ ਦੁੱਧ ਦੇ ਪੈਕੇਟ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।  ਸਰਕਾਰ ਅਜਿਹਾ ਇਸ ਲਈ ਕਰਨ ਜਾ ਰਹੀ ਹੈ ਤਾਂ ਜੋ ਦੇਸ਼ 'ਚ ਵਧ ਰਹੇ ਦੁੱਧ ਦੇ ਪੈਕੇਟ ਦੇ ਕੂੜੇ ਨੂੰ ਘੱਟ ਕੀਤਾ ਜਾ ਸਕੇ। ਇਹ ਕਦਮ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘੱਟ ਕਰਨ ਦੀ ਦਿਸ਼ਾ 'ਚ ਚੁੱਕਿਆ ਗਿਆ ਹੈ। 

ਅਮੂਲ ਅਤੇ ਹੋਰ ਦੂਜੀਆਂ ਪ੍ਰਮੁੱਖ ਡੇਅਰੀ ਕੰਪਨੀਆਂ ਨੂੰ ਅੱਧਾ ਲਿਟਰ ਵਾਲੇ ਪੈਕੇਟ ਦਾ ਉਤਪਾਦਨ ਘਟਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇਕ ਲਿਟਰ ਦੇ ਪੈਕੇਟ ਦਾ ਦੁਬਾਰਾ ਇਸਤੇਮਾਲ ਕਰਨ ਲਈ ਵੀ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇਕ ਲਿਟਰ ਵਾਲੇ ਦੁੱਧ ਦੇ ਪੈਕੇਟ ਵਾਪਸ ਕਰਨ ਵਾਲਿਆਂ ਨੂੰ ਖਾਸ ਛੋਟ ਦੇਣ ਲਈ ਵੀ ਕਿਹਾ ਗਿਆ ਹੈ। ਸਰਕਾਰ ਨੇ ਖਾਲੀ ਪੈਕੇਟ ਦਾ ਇਸਤੇਮਾਲ ਸੜਕ ਨਿਰਮਾਣ 'ਚ ਉਪਯੋਗ ਕਰਨ ਲਈ ਕਿਹਾ ਹੈ।

ਪ੍ਰਦੂਸ਼ਣ ਅਤੇ ਪਲਾਸਟਿਕ ਕੂੜਾ ਘੱਟ ਕਰਨ ਦੀ ਦਿਸ਼ਾ ਵੱਲ ਕਦਮ

ਦੁੱਧ ਤੋਂ ਇਲਾਵਾ ਦਹੀਂ ਅਤੇ ਹੋਰ ਦੁੱਧ ਤੋਂ ਬਣੇ ਪਦਾਰਥ ਜਿਹੜੇ ਛੋਟੇ ਪੈਕੇਟਾਂ ਵਿਚ ਵਿਕਦੇ ਹਨ। ਇਨ੍ਹਾਂ ਲਈ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਹੁੰਦਾ ਹੈ। ਹੁਣ ਸਰਕਾਰ ਇਨ੍ਹਾਂ ਦੀ ਵਰਤੋਂ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। 
ਵਾਤਾਵਰਣ ਮੰਤਰਾਲੇ ਅਨੁਸਾਰ ਦੇਸ਼ 'ਚ ਰੋਜ਼ਾਨਾ 20 ਹਜ਼ਾਰ ਟਨ ਨਵਾਂ ਪਲਾਸਟਿਕ ਕੂੜਾ ਤਿਆਰ ਹੁੰਦਾ ਹੈ। ਜਿਸ ਵਿਚੋਂ ਸਿਰਫ 14 ਹਜ਼ਾਰ ਟਨ ਹੀ ਇਕੱਠਾ ਹੋ ਪਾਉਂਦਾ ਹੈ। ਅਜਿਹੇ 'ਚ ਇਸ ਕੂੜੇ ਨਾਲ ਵਾਤਾਵਰਣ 'ਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ।