ਤਾਜ ਮਹੱਲ ''ਚ ਮੁਮਤਾਜ ਨੂੰ ਦੇਖਣ ਲਈ ਹੁਣ 200 ਰੁਪਏ ਦੀ ਟਿਕਟ

02/14/2018 12:13:07 AM

ਨਵੀਂ ਦਿੱਲੀ — ਜੇ ਤੁਸੀਂ ਤਾਜ ਮਹੱਲ ਵਿਚ ਮੁਮਤਾਜ ਦੀ ਕਬਰ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਲਈ 200 ਰੁਪਏ ਦੀ ਟਿਕਟ ਵੱਖ ਤੋਂ ਲੈਣੀ ਹੋਵੇਗੀ। ਪਹਿਲਾਂ ਤਾਜ ਮਹੱਲ ਦੀ ਐਂਟਰੀ ਟਿਕਟ ਲੈ ਕੇ ਤੁਸੀਂ ਮੁਮਤਾਜ ਦੀ ਕਬਰ ਤੱਕ ਜਾ ਸਕਦੇ ਸੀ ਅਤੇ ਇਸ ਲਈ ਵੱਖਰੀ ਟਿਕਟ ਨਹੀਂ ਲੈਣੀ ਪੈਂਦੀ ਸੀ ਪਰ ਹੁਣ ਤਾਜ ਮਹੱਲ ਵਿਚ ਸੈਲਾਨੀਆਂ ਦੀ ਵਧਦੀ ਭੀੜ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਐਂਟਰੀ ਟਿਕਟ 40 ਤੋਂ 50 ਰੁਪਏ ਕਰ ਦਿੱਤੀ ਹੈ ਅਤੇ ਮੁਮਤਾਜ ਦੀ ਕਬਰ ਕੋਲ ਜਾਣ ਲਈ ਵੱਖਰੀ ਟਿਕਟ ਲਾ ਦਿੱਤੀ ਹੈ।
ਸੰਸਕ੍ਰਿਤੀ ਮੰਤਰੀ ਡਾ. ਮਹੇਸ਼ ਚੰਦਰ ਸ਼ਰਮਾ ਨੇ ਦੱਸਿਆ ਕਿ ਤਾਜ ਮਹੱਲ ਦੇਖਣ ਲਈ ਭੀੜ ਦਿਨ-ਪ੍ਰਤੀ-ਦਿਨ ਵਧਦੀ ਜਾ ਰਹੀ ਹੈ। ਰੋਜ਼ਾਨਾ ਲੱਗਭਗ 40-50 ਹਜ਼ਾਰ ਸੈਲਾਨੀ ਆਉਂਦੇ ਹਨ ਪਰ ਛੁੱਟੀ ਵਾਲੇ ਦਿਨ ਇਹ ਗਿਣਤੀ ਇਕ ਲੱਖ ਤੋਂ ਸਵਾ ਲੱਖ ਤੱਕ ਹੋ ਜਾਂਦੀ ਹੈ। ਇਸ ਲਈ ਭੀੜ ਨੂੰ ਕੰਟਰੋਲ ਕਰਨ ਲਈ ਅਸੀਂ ਇਹ ਕਦਮ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਟਿਕਟ ਦੀ ਰਾਸ਼ੀ ਵਿਚ ਵਾਧਾ ਕਰਨ ਦਾ ਮਕਸਦ ਸਰਕਾਰ ਨੂੰ ਮਾਲੀ ਕਮਾਈ ਕਰਵਾਉਣਾ ਨਹੀਂ ਹੈ, ਸਗੋਂ ਵਧਦੀ ਭੀੜ ਨੂੰ ਰੋਕਣਾ ਹੈ, ਕਿਉਂਕਿ ਅਸੀਂ ਇਸ ਨੂੰ ਆਉਣ ਵਾਲੇ ਸਮੇਂ ਲਈ ਸੁਰੱਖਿਅਤ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਜ ਮਹੱਲ ਦੇਖਣ ਦੀ ਮਿਆਦ ਵੀ ਸਿਰਫ 3 ਘੰਟੇ ਕਰ ਦਿੱਤੀ ਗਈ ਹੈ, ਕਿਉਂਕਿ ਪਹਿਲਾਂ ਲੋਕ ਟਿਕਟ ਲੈ ਕੇ ਦਿਨ ਭਰ ਤਾਜ ਮਹੱਲ ਦੇ ਅੰਦਰ ਘੁੰਮਦੇ ਰਹਿੰਦੇ ਸਨ, ਇਸ ਨਾਲ ਭੀੜ ਵੱਧ ਜਾਂਦੀ ਸੀ। ਡਾ. ਸ਼ਰਮਾ ਨੇ ਕਿਹਾ ਕਿ ਮੈਟਰੋ ਵਾਂਗ ਤਾਜ ਮਹੱਲ ਦੀ ਟਿਕਟ ਹੋਵੇਗੀ, ਜਿਸ ਵਿਚ ਜੇ ਤੁਹਾਡੀ ਮਿਆਦ ਤਿੰਨ ਘੰਟੇ ਤੋਂ ਵਧ ਹੋ ਗਈ ਤਾਂ ਗੇਟ ਨਹੀਂ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਕੌਮੀ ਚੌਗਿਰਦਾ ਅਤੇ ਇੰਜੀਨੀਅਰਿੰਗ ਖੋਜ ਸੰਸਥਾਨ ਨੇ ਪਿਛਲੇ ਦਿਨੀਂ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਤਾਜ ਮਹੱਲ ਦੇ ਬਿਹਤਰ ਰੱਖ-ਰਖਾਅ ਲਈ ਭੀੜ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ।


Related News