ਨੋਟਬੰਦੀ ਲਈ RBI ਨਹੀਂ RSS ਜ਼ਿੰਮੇਵਾਰ : ਰਾਹੁਲ

02/13/2018 9:32:33 PM

ਨਵੀਂ ਦਿੱਲੀ— ਕਰਨਾਟਕ ਚੋਣ ਪ੍ਰਚਾਰ 'ਚ ਜੁਟੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾਵਰ ਰਹੇ। ਨੋਟਬੰਦੀ ਮੁੱਦੇ ਨੂੰ ਲੈ ਕੇ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ. ਐੱਸ. ਐੱਸ. ਪ੍ਰਮੁੱਖ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਨੋਟਬੰਦੀ ਦਾ ਵਿਚਾਰ ਆਰ. ਬੀ. ਆਈ. ਦਾ ਨਹੀਂ ਬਲਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਗਵਤ ਦਾ ਸੀ।
ਰਾਹੁਲ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਨੋਟਬੰਦੀ ਲਈ ਆਰ. ਬੀ. ਆਈ. ਜਾਂ ਵਿੱਤ ਮੰਤਰੀ ਅਰੁਣ ਜੇਤਲੀ ਜ਼ਿੰਮੇਵਾਰ ਨਹੀਂ ਹਨ। ਇਸ ਦੇ ਪਿੱਛੇ ਆਰ. ਐੱਸ. ਐੱਸ. ਦੇ ਇਕ ਅਧਿਕਾਰੀ ਦਾ ਹੱਥ ਹੈ, ਜਿਸ ਦੇ ਕਹਿਣ 'ਤੇ ਪ੍ਰਧਾਨ ਮੰਤਰੀ ਨੇ ਨੋਟਬੰਦੀ ਦੇਸ਼ ਦੇ ਲੋਕਾਂ 'ਤੇ ਲਾਗੂ ਕੀਤੀ। ਇਸ ਦੇ ਨਾਲ ਹੀ ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਹਿੰਦੁਸਤਾਨ ਦੇ ਵੱਖ-ਵੱਖ ਸਥਾਨਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕਸ਼ਮੀਰ 'ਚ ਅਵਸਰਵਾਦੀ ਗਠਬੰਧਨ ਦੀ ਕੀਮਤ ਚੁਕਾ ਰਹੇ ਫੌਜੀ
ਰਾਹੁਲ ਗਾਂਧੀ ਨੇ ਇਸ ਦੌਰਾਨ ਅੱਤਵਾਦੀਆਂ ਹਮਲਿਆਂ 'ਚ ਫੌਜੀਆਂ ਦੇ ਸ਼ਹੀਦ ਹੋਣ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਘੇਰਦਿਆਂ ਹੋਇਆ ਕਿਹਾ ਕਿ ਕਸ਼ਮੀਰ ਨੂੰ ਲੈ ਕੇ ਉਨ੍ਹਾਂ ਕੋਲ ਕੋਈ ਨੀਤੀ ਨਹੀਂ ਹੈ ਅਤੇ ਇਸ ਦਾ ਨਤੀਜਾ ਫੌਜੀਆਂ ਨੂੰ ਭੁਗਤਣਾ ਪੈ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੀ. ਡੀ. ਪੀ ਕਹਿੰਦੀ ਹੈ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ, ਜਦਕਿ ਦੇਸ਼ ਦੀ ਰੱਖਿਆ ਮੰਤਰੀ ਕਹਿੰਦੀ ਹੈ ਕਿ ਪਾਕਿਸਤਾਨ ਨੂੰ ਕੀਮਤ ਚੁਕਾਉਣੀ ਪਵੇਗੀ। ਜਦਕਿ ਸਾਡੇ ਫੌਜੀ ਸਰਕਾਰ ਦੀ ਕਸ਼ਮੀਰ 'ਤੇ ਕੋਈ ਨੀਤੀ ਨਾ ਹੋਣ ਅਤੇ ਸੂਬੇ 'ਚ ਭਾਜਪਾ-ਪੀ. ਡੀ. ਪੀ. ਦੇ ਅਵਸਰਵਾਦੀ ਗਠਬੰਧਨ ਲਈ ਖੂਨ ਵਹਾ ਰਹੇ ਹਨ।