ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਰਾਸ਼ਟਰਪਤੀ ਨੂੰ ਨਾ ਬੁਲਾਉਣਾ ਦਲਿਤਾਂ ਤੇ ਆਦਿਵਾਸੀਆਂ ਦਾ ਅਪਮਾਨ : ਰਾਹੁਲ

02/20/2024 11:54:01 AM

ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਰਾਮ ਮੰਦਰ ਦੇ ਪ੍ਰਾਣ ਪ੍ਤਿਸ਼ਠਾ ਸਮਾਰੋਹ ਵਿਚ ਦਲਿਤਾਂ, ਪੱਛੜੀਆਂ ਸ਼੍ਰੇਣੀਆਂ, ਆਦਿਵਾਸੀਆਂ ਅਤੇ ਇੱਥੋਂ ਤੱਕ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਨਾ ਬੁਲਾਉਣਾ ਇਨ੍ਹਾਂ ਸਭ ਦਾ ਅਪਮਾਨ ਹੈ। ਰਾਹੁਲ ਗਾਂਧੀ ਦੀ ਅਗਵਾਈ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ਸੋਮਵਾਰ ਪ੍ਰਤਾਪਗੜ੍ਹ ਪਹੁੰਚੀ। ਇੱਥੇ ਰਾਮਪੁਰ ਖਾਸ ਵਿਧਾਨ ਸਭਾ ਹਲਕੇ ਦੇ ਲਾਲਗੰਜ ਇੰਦਰਾ ਚੌਕ ’ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਅਡਾਨੀ, ਅੰਬਾਨੀ ਅਤੇ ਅਮਿਤਾਭ ਬੱਚਨ ਨੂੰ ਸੱਦਾ ਦੇ ਕੇ ਮੋਦੀ ਨੇ ਇਹ ਸੰਦੇਸ਼ ਦਿੱਤਾ ਕਿ ਦੇਸ਼ ਦੀ 73 ਫੀਸਦੀ ਆਬਾਦੀ ਦਾ ਕੋਈ ਮਹੱਤਵ ਨਹੀਂ ਹੈ। ਮੋਦੀ ਸਰਕਾਰ ’ਤੇ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਤੇ ਪੂੰਜੀਪਤੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੀਆਂ ਜੇਬਾਂ ਕੱਟ ਕੇ ਅਮੀਰਾਂ ਦੀਆਂ ਜੇਬਾਂ ਭਰ ਰਹੇ ਹਨ। ਧਰਮ ਦੇ ਨਾਂ ’ਤੇ ਦੇਸ਼ ’ਚ ਨਫਰਤ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਦੇਸ਼ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਔਰਤਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੀ ਹੈ। ਈ. ਡੀ., ਸੀ. ਬੀ. ਆਈ. ਤੇ ਹੋਰ ਏਜੰਸੀਆਂ ਮੋਦੀ ਦੀਆਂ ਕਠਪੁਤਲੀਆਂ ਹਨ। ਇਨ੍ਹਾਂ ਦੀ ਵਰਤੋਂ ਵਿਰੋਧੀ ਪਾਰਟੀਆਂ ਨੂੰ ਧਮਕਾਉਣ ਲਈ ਕੀਤੀ ਜਾ ਰਹੀ ਹੈ। ਕਾਂਗਰਸੀ ਵਰਕਰਾਂ ਨੇ ਵੱਖ-ਵੱਖ ਥਾਵਾਂ ’ਤੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਇਸ ਮੌਕੇ ਰਾਜ ਸਭਾ ਦੇ ਮੈਂਬਰ ਪ੍ਰਮੋਦ ਤਿਵਾੜੀ, ਵਿਧਾਇਕ ਮੋਨਾ ਅਤੇ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਕੌਮੀ ਪ੍ਰਧਾਨ ਇਮਰਾਨ ਪ੍ਰਤਾਪਗੜ੍ਹੀ ਵੀ ਹਾਜ਼ਰ ਸਨ।

Aarti dhillon

This news is Content Editor Aarti dhillon