'ਕਸ਼ਮੀਰ 'ਚ ਹਟਣਗੀਆਂ ਪਾਬੰਦੀਆਂ, 12 ਦਿਨ 'ਚ ਨਹੀਂ ਗਈ ਇਕ ਵੀ ਜਾਨ'

08/16/2019 5:22:05 PM

ਸ਼੍ਰੀਨਗਰ — ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀ.ਐੱਸ.ਸੁਬਰਾਮਨਿਯਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੱਲ੍ਹ ਤੋਂ ਟੈਲੀਫੋਨ ਦੀ ਸਹੂਲਤ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਲਾਕਿਆਂ 'ਚ ਹੋਲੀ-ਹੋਲੀ ਹਾਲਾਤ ਆਮ ਹੋ ਰਹੇ ਹਨ ਅਤੇ ਅਸੀਂ ਪਾਬੰਦੀਆਂ ਹਟਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਦਫਤਰਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਨੂੰ ਵੀ ਹੋਲੀ-ਹੋਲੀ ਖੋਲ੍ਹਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈ ਕੇ ਹੀ ਅੱਗੇ ਦੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਖੋਲ੍ਹੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਸਮੇਂ-ਸਮੇਂ 'ਤੇ ਲੋਕਾਂ ਨੂੰ ਜ਼ਰੂਰਤ ਮੁਤਾਬਕ ਛੋਟ ਵੀ ਮਿਲਦੀ ਰਹੀ ਹੈ।

ਈਦ ਦੇ ਮੌਕੇ ਵੀ ਲੋਕਾਂ ਨੂੰ ਲੌੜੀਦੀਂ ਛੋਟ ਦਿੱਤੀ ਗਈ ਸੀ, ਇਸ ਤੋਂ ਇਲਾਵਾ ਜਿਹੜੇ ਲੋਕ ਹਜ ਤੋਂ ਵਾਪਸ ਆ ਰਹੇ ਹਨ ਉਨ੍ਹਾਂ ਦੀਆਂ ਸਹੂਲਤਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਸੁਬਰਾਮਨਿਯਮ ਨੇ ਐਲਾਨ ਕੀਤਾ ਹੈ ਕਿ ਬੀਤੇ ਦਿਨਾਂ 'ਚ ਇਕ ਵੀ ਆਦਮੀ ਦੀ ਜਾਨ ਨਹੀਂ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਕਸ਼ਮੀਰ ਦਾ ਮਾਹੌਲ ਵਿਗਾੜਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਅਸੀਂ ਇਸ ਨੂੰ ਸਫਲ ਨਹੀਂ ਹੋਣ ਦਿਆਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਅੱਤਵਾਦੀਆਂ ਦੀ ਘੁਸਪੈਠ ਦੀ ਵੀ ਕੋਸ਼ਿਸ਼ਿ ਕੀਤੀ ਗਈ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ।