ਉੱਤਰ-ਪੂਰਬੀ ਦਿੱਲੀ : ਹਾਈ ਕੋਰਟ ਨੇ ਜ਼ਖਮੀਆਂ ਦੀ ਤੁਰੰਤ ਮਦਦ ਲਈ ਕੀਤੀ ਪੁਲਸ ਦੀ ਸ਼ਲਾਘਾ

02/26/2020 4:08:01 PM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਉੱਤਰ-ਪੂਰਬੀ ਦਿੱਲੀ ’ਚ ਹਿੰਸਾ ਦੌਰਾਨ ਜ਼ਖਮੀ ਲੋਕਾਂ ਦੀ ਤੁਰੰਤ ਮਦਦ ਕਰਨ ਲਈ ਦਿੱਲੀ ਪੁਲਸ ਦੀ ਬੁੱਧਵਾਰ ਨੂੰ ਸ਼ਲਾਘਾ ਕੀਤੀ। ਜੱਜ ਐੱਸ. ਮੁਰਲੀਧਰ ਅਤੇ ਜੱਜ ਅਨੂਪ ਜੇ ਭੰਭਾਨੀ ਨੇ ਹਿੰਸਾ ’ਚ ਗੁਪਤਚਰ ਬਿਊਰੋ ਦੇ ਅਧਿਕਾਰੀ ਦੇ ਮਾਰੇ ਜਾਣ ਦੀ ਘਟਨਾ ਨੂੰ ਬੇਹੱਦ ਮੰਦਭਾਗੀ ਕਰਾਰ ਦਿੱਤਾ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਉੱਤਰ-ਪੂਰਬੀ ਦਿੱਲੀ ’ਚ ਜਾਰੀ ਹਿੰਸਾ ’ਚ ਘੱਟੋ-ਘੱਟ 20 ਲੋਕ ਮਾਰੇ ਗਏ ਹਨ ਅਤੇ 200 ਤੋਂ ਵਧ ਜ਼ਖਮੀ ਹੋਏ ਹਨ।

ਬੈਂਚ ਨੇ ਦਿਨ ’ਚ ਸੁਣਵਾਈ ਦੌਰਾਨ ਕਿਹਾ,‘‘ਅੱਧੀ ਰਾਤ ਜਦੋਂ ਆਦੇਸ਼ ਦਿੱਤਾ ਜਾ ਰਿਹਾ ਸੀ ਤਾਂ ਪੁਲਸ ਉਸ਼ ਨੂੰ ਤੁਰੰਤ ਉੱਥੇ ਅਮਲ ’ਚ ਲਿਆ ਰਹੀ ਸੀ ਅਤੇ ਜ਼ਖਮੀ ਲੋਕਾਂ ਨੂੰ ਬਚਾ ਰਹੀ ਸੀ।’’ ਇਸ ਨੇ ਕਿਹਾ ਕਿ ਜੈੱਡ ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ, ਉੱਚ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਪ੍ਰਭਾਵਿਤ ਲੋਕਾਂ ਤੱਕ ਪਹੁੰਚਣਾ ਚਾਹੀਦਾ ਅਤੇ ਉਨ੍ਹਾਂ ਨੂੰ ਭਰੋਸਾ ਦੇਣਾ ਚਾਹੀਦਾ ਹੈ ਕਿ ਕਾਨੂੰਨ ਕੰਮ ਕਰ ਰਿਹਾ ਹੈ। ਕੋਰਟ ਨੇ ਅੱਧੀ ਰਾਤ ਨੂੰ ਉਦੋਂ ਸੁਣਵਾਈ ਕੀਤੀ, ਜਦੋਂ ਇਕ ਵਕੀਲ ਨੇ ਕਿਹਾ ਕਿ ਸਥਿਤੀ ਗੰਭੀਰ ਹੈ ਅਤੇ ਪੀੜਤਾਂ ਨੂੰ ਇਕ ਛੋਟੇ ਜਿਹੇ ਹਸਪਤਾਲ ਤੋਂ ਜੀ.ਟੀ.ਬੀ. ਹਸਪਤਾਲ ਭੇਜਣਾ ਮੁਸ਼ਕਲ ਹੈ। ਇਸ ’ਤੇ ਕੋਰਟ ਨੇ ਆਦੇਸ਼ ਦਿੱਤਾ ਕਿ ਪੁਲਸ ਸਰਕਾਰੀ ਹਸਪਤਾਲਾਂ ਤੱਕ ਸੁਰੱਖਿਅਤ ਰਸਤਾ ਅਤੇ ਜ਼ਖਮੀਆਂ ਲਈ ਐਮਰਜੈਂਸੀ ਇਲਾਜ ਯਕੀਨੀ ਕਰੇ। ਇਸ ਨੇ ਵਿਸ਼ੇਸ਼ ਸੁਣਵਾਈ ਕੀਤੀ ਜੋ ਰਾਤ 12.30 ਵਜੇ ਜੱਜ ਐੱਸ. ਮੁਰਲੀਧਰ ਦੇ ਘਰ ਸ਼ੁਰੂ ਹੋਈ। ਬੈਂਚ ਨੇ ਜ਼ਖਮੀ ਪੀੜਤਾਂ ਅਤੇ ਉਨ੍ਹਾਂ ਨੂੰ ਉਪਲੱਬਧ ਕਰਵਾਏ ਗਏ ਇਲਾਜ ਬਾਰੇ ਜਾਣਕਾਰੀ ਸਮੇਤ ਪਾਲਣਾ ਦੀ ਸਥਿਤੀ ਰਿਪੋਰਟ ਵੀ ਮੰਗੀ ਸੀ।

DIsha

This news is Content Editor DIsha