ਕਸ਼ਮੀਰ ’ਚ ਹੜਤਾਲ ਕਾਰਨ ਆਮ ਜ਼ਿੰਦਗੀ ਉਥਲ-ਪੁਥਲ, ਕਰਫਿਊ ਵਰਗੀਆਂ ਪਾਬੰਦੀਆਂ

10/19/2018 3:34:31 AM

ਸ਼੍ਰੀਨਗਰ–  ਸੁਰੱਖਿਆ ਫੋਰਸਾਂ ਵਲੋਂ ਛਾਪੇਮਾਰੀ, ਨੌਜਵਾਨਾਂ ਦੀ ਗ੍ਰਿਫਤਾਰੀ ਅਤੇ ਪੱਤਰਕਾਰਾਂ ਨੂੰ ਕੁੱਟਣ ਨੂੰ ਲੈ ਕੇ ਵੱਖਵਾਦੀਆਂ ਦੀ ਹੜਤਾਲ ਦੇ ਸੱਦੇ ’ਤੇ ਵੀਰਵਾਰ ਕਸ਼ਮੀਰ ’ਚ ਆਮ ਜ਼ਿੰਦਗੀ ਉਥਲ-ਪੁਥਲ ਰਹੀ। ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਸਨ। ਸੜਕਾਂ ’ਤੇ ਆਵਾਜਾਈ ਨਾਂਹ ਦੇ ਬਰਾਬਰ ਸੀ। ਬੁੱਧਵਾਰ ਪੁਲਵਾਮਾ ਵਿਖੇ ਸੁਰੱਖਿਆ ਫੋਰਸਾਂ ਨਾਲ ਇਕ ਮੁਕਾਬਲੇ ਦੌਰਾਨ ਇਕ ਅੱਤਵਾਦੀ ਦੀ ਮੌਤ ਪਿੱਛੋਂ ਹਾਲਾਤ ਖਿਚਾਅ ਭਰਪੂਰ ਬਣ ਗਏ।
ਮਿਲੀਆਂ ਖਬਰਾਂ ਮੁਤਾਬਕ ਸ਼ਹਿਰ-ਏ-ਖਾਸ ਅਤੇ ਪੁਰਾਣੇ ਸ਼ਹਿਰ ’ਚ ਐੱਮ. ਆਰ. ਗੰਜ, ਨੋਹੱਟਾ, ਰੈਣਵਾੜੀ, ਸਫਾਕਦਲ ਤੇ ਖਨਾਰ ਅਧੀਨ ਆਉਂਦੇ ਖੇਤਰਾਂ, ਪੁਰਾਣੇ ਸ਼ਹਿਰ ਵਿਚ ਥਾਣਾ ਕਰਾਲਖੁਰਦ ਦੇ ਵੱਖ-ਵੱਖ ਖੇਤਰਾਂ ਅਤੇ ਸਿਵਲ ਲਾਈਨਜ਼ ਦੇ ਮਹਿਸੂਮਾ ਦੇ ਕੁਝ ਹਿੱਸਿਆਂ ’ਚ ਅਮਨ ਕਾਨੂੰਨ ਦੀ ਹਾਲਤ ਖਰਾਬ ਹੋਣ ਤੋਂ ਰੋਕਣ ਲਈ ਵੀਰਵਾਰ ਸਵੇਰੇ ਹੀ ਕਰਫਿਊ ਵਰਗੀਆਂ ਪਾਬੰਦੀਆਂ ਲਾ ਦਿੱਤੀਆਂ ਗਈਅਾਂ। ਇਸ ਕਾਰਨ ਸਰਕਾਰੀ ਦਫਤਰਾਂ ਅਤੇ ਬੈਂਕਾਂ ’ਚ ਕੰਮ ਪ੍ਰਭਾਵਿਤ ਹੋਇਆ। ਉੱਤਰੀ ਕਸ਼ਮੀਰ ’ਚ ਅਮਨ ਕਾਨੂੰਨ ਬਣਾਈ ਰੱਖਣ ਲਈ ਸੁਰੱਖਿਆ ਫੋਰਸਾਂ ਦੇ ਵਾਧੂ ਜਵਾਨ ਤਾਇਨਾਤ ਕੀਤੇ ਗਏ। ਸੁਰੱਖਿਆ ਕਾਰਨਾਂ ਕਰ ਕੇ ਟਰੇਨ ਸੇਵਾ ਮੁੜ ਮੁਲਤਵੀ ਕਰ ਦਿੱਤੀ ਗਈ, ਜਦਕਿ ਬੀਤੇ ਦਿਨੀਂ ਬੰਦ ਕੀਤੀਆਂ ਗਈਆਂ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ।