ਨੀਰਵ ਮੋਦੀ ਦੀ ਪਤਨੀ ਐਮੀ ਮੋਦੀ ਖਿਲਾਫ ਗੈਰ ਜ਼ਮਾਨਤੀ ਵਾਰੰਟ ਹੋਇਆ ਜਾਰੀ

03/16/2019 1:41:11 PM

ਮੁੰਬਈ — ਈ.ਡੀ. ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਘਪਲਾ ਮਾਮਲੇ ਦੇ ਦੋਸ਼ੀ  ਨੀਰਵ ਮੋਦੀ ਅਤੇ ਉਸਦੀ ਪਤਨੀ ਐਮੀ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਨੀਰਵ ਮੋਦੀ ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਮੁੱਖ ਦੋਸ਼ੀ ਹੈ। ਪੀਐਨਬੀ ਘਪਲੇ 'ਚ ਈ.ਡੀ. ਨੇ ਨਵੀਂ ਚਾਰਜਸ਼ੀਟ ਦਾਇਰ ਕੀਤੀ ਸੀ। ਪਹਿਲੀ ਵਾਰ ਮੋਦੀ ਦੀ ਪਤਨੀ ਦਾ ਨਾਂ ਸ਼ਾਮਲ ਕਰਕੇ ਉਸਨੂੰ ਦੋਸ਼ੀ ਬਣਾਇਆ ਗਿਆ ਹੈ। ਈ.ਡੀ. ਨੇ ਦਾਅਵਾ ਕੀਤਾ ਸੀ ਕਿ ਐਮੀ ਨੇ ਯੂ.ਐਸ. ਵਿਚ 2 ਜਾਇਦਾਦਾਂ ਖਰੀਦੀਆਂ ਹਨ। ਏਜੰਸੀ ਨੇ ਕਿਹਾ ਸੀ ਕਿ ਨੀਰਵ ਨੇ ਯੂ.ਐਸ. ਦੇ ਸੈਂਟਰਲ ਪਾਰਕ ਵਿਚ 3 ਕਰੋੜ ਡਾਲਰ 'ਚ ਦੋ ਜਾਇਦਾਦਾਂ ਖਰੀਦੀਆਂ ਅਤੇ ਇਨ੍ਹਾਂ ਜਾਇਦਾਦਾਂ ਨੂੰ ਪਤਨੀ ਦੇ ਨਾਂ 'ਤੇ ਟਰਾਂਸਫਰ ਕਰ ਦਿੱਤਾ। ਈ.ਡੀ. ਦਾ ਦੋਸ਼ ਹੈ ਕਿ ਐਮੀ ਮੋਦੀ ਨੇ ਤਿੰਨ ਕਰੋੜ ਡਾਲਰ ਟਰਾਂਸਫਰ ਕਰਨ ਲਈ ਅੰਤਰਰਾਸ਼ਟਰੀ ਬੈਂਕ ਖਾਤੇ ਦਾ ਇਸਤੇਮਾਲ ਕੀਤਾ ਹੈ।

ਇਹ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਇਸ ਲਈ ਘਪਲੇ ਦੀ ਕਮਾਈ ਦਾ ਪੈਸਾ ਇਸਤੇਮਾਲ ਕੀਤਾ ਗਿਆ ਹੈ। ਈ.ਡੀ. ਨੇ ਦੱਸਿਆ ਕਿ ਇਸ ਰਾਸ਼ੀ ਦਾ ਇਸਤੇਮਾਲ ਨਿਊਯਾਰਕ ਦੇ ਸੈਂਟਰਲ ਪਾਰਕ ਸਥਿਤ ਜਾਇਦਾਦ ਦੀ ਖਰੀਦ ਲਈ ਕੀਤਾ ਗਿਆ ਹੈ। ਇਸ ਦੋਸ਼ ਪੱਤਰ ਵਿਚ ਏਜੰਸੀ ਵਲੋਂ ਇਕੱਠੇ ਕੀਤੇ ਗਏ ਸਬੂਤਾਂ ਅਤੇ ਕੁਰਕੀ ਦੀ ਜਾਣਕਾਰੀ ਦਿੱਤੀ ਹੈ।
ਸਮਝਿਆ ਜਾਂਦਾ ਹੈ ਕਿ ਈ.ਡੀ. ਨੇ ਦੋਸ਼ ਪੱਤਰ ਵਿਚ ਇਸ ਘਪਲੇ 'ਚ ਐਮੀ ਮੋਦੀ ਦੀ ਭੂਮਿਕਾ ਅਤੇ ਉਸਦੇ ਦੁਆਰਾ ਧਨ ਨੂੰ ਇਧਰ-ਓਧਰ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਈ.ਡੀ. ਨੇ ਇਸ ਮਾਮਲੇ ਵਿਚ ਪਹਿਲਾ ਦੋਸ਼ ਪੱਤਰ ਪਿਛਲੇ ਸਾਲ ਮਈ ਵਿਚ ਦਾਖਲ ਕੀਤਾ ਸੀ।