ਨੋਇਡਾ : ਪਤੀ ਦੀ ਮੌਤ ਦੀ ਖਬਰ ਸੁਣਦੇ ਹੀ ਪਤਨੀ ਨੇ ਬੇਟੀ ਸਮੇਤ ਫਾਂਸੀ ਲਗਾ ਕੇ ਕੀਤੀ ਖੁਦਕੁਸ਼ੀ

12/14/2019 10:18:36 AM

ਨੋਇਡਾ— ਨੋਇਡਾ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਇਕ ਪਤੀ ਦੀ ਮੌਤ ਦੀ ਖਬਰ ਸੁਣ ਕੇ ਔਰਤ ਨੇ 5 ਸਾਲਾ ਬੱਚੀ ਸਮੇਤ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਔਰਤ ਦੇ ਪਤੀ ਨੇ ਸ਼ੁੱਕਰਵਾਰ ਨੂੰ ਹੀ ਮੈਟਰੋ ਦੇ ਸਾਹਮਣੇ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ। ਇਸ ਦੀ ਜਾਣਕਾਰੀ ਮਿਲਣ 'ਤੇ ਔਰਤ ਨੇ ਘਰ ਆ ਕੇ ਬੇਟੀ ਨੂੰ ਮਾਰ ਕੇ ਫਾਂਸੀ ਲੱਗਾ ਲਈ। ਨੋਇਡਾ ਸੈਕਟਰ-128 ਜੇ.ਪੀ. ਪਵੇਲੀਅਨ ਕੋਰਟ 'ਚ ਰਹਿਣ ਵਾਲੇ 33 ਸਾਲਾ ਭਰਤ ਜੇ ਨੇ ਸ਼ੁੱਕਰਵਾਰ ਸਵੇਰੇ 11.30 ਵਜੇ ਦਿੱਲੀ ਦੇ ਜਵਾਹਰਲਾਲ ਨਹਿਰੂ ਮੈਟਰੋ ਸਟੇਸ਼ਨ 'ਤੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਉਹ ਪਤਨੀ ਸ਼ਿਵਰੰਜਨੀ (31), ਬੇਟੀ ਜਯਸ਼੍ਰੀਤਾ (5) ਅਤੇ ਭਰਾ ਕਾਰਤਿਕ ਨਾਲ ਇੱਥੇ ਰਹਿੰਦਾ ਸੀ। ਚੇਨਈ ਦੇ ਰਹਿਣ ਵਾਲੇ ਭਰਤ ਦੀ ਬੇਟੀ ਜਯਸ਼੍ਰੀਤਾ ਕੇ.ਜੀ. 'ਚ ਪੜ੍ਹਦੀ ਸੀ। ਭਰਤ ਇਕ ਚਾਹ ਕੰਪਨੀ 'ਚ ਜਨਰਲ ਮੈਨੇਜਰ ਸੀ। ਇਸ ਤੋਂ ਪਹਿਲਾਂ ਉਹ ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਬਿਗ ਮਾਰਟ 'ਚ ਨੌਕਰੀ ਕਰਦਾ ਸੀ ਅਤੇ ਸਤੰਬਰ 'ਚ ਹੀ ਪਰਿਵਾਰ ਨਾਲ ਦਿੱਲੀ ਆਇਆ ਸੀ। ਉਨ੍ਹਾਂ ਦਾ ਭਰਾ ਦਿੱਲੀ ਸਾਕੇਤ 'ਚ ਪਾਇਲਟ ਕੋਰਸ 'ਚ ਦਾਖਲੇ ਲਈ ਕੋਚਿੰਗ ਲੈ ਰਿਹਾ ਹੈ।

ਦਿੱਲੀ ਪੁਲਸ ਨੇ ਲਾਸ਼ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਰੱਖਿਆ ਸੀ। ਮ੍ਰਿਤਕ ਦੇ ਭਰਾ ਕਾਰਤਿਕ, ਪਤਨੀ ਸ਼ਿਵਰੰਜਨੀ ਹਸਪਤਾਲ ਗਏ ਸਨ। ਹਸਪਤਾਲ ਤੋਂ ਆਉਣ ਤੋਂ ਬਾਅਦ ਦੇਰ ਸ਼ਾਮ ਸ਼ਿਵਰੰਜਨੀ ਨੇ ਜੇ.ਪੀ. ਪਵੇਲੀਅਨ ਕੋਰਟ 'ਚ ਆਪਣੀ 5 ਸਾਲਾ ਬੱਚੀ ਨਾਲ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਨੋਇਡਾ ਪੁਲਸ ਅਨੁਸਾਰ ਸ਼ੁਰੂਆਤੀ ਜਾਂਚ 'ਚ ਮ੍ਰਿਤਕ ਭਰਤ ਜੇ ਦੇ ਪਰਿਵਾਰ 'ਚ ਤਣਾਅ ਦੇ ਕਿਸੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਸਰਕਲ ਅਫ਼ਸਰ ਸ਼ਵੇਤਾਭ ਪਾਂਡੇ ਨੇ ਕਿਹਾ ਕਿ ਔਰਤ ਨੇ ਹਸਪਤਾਲ ਤੋਂ ਆ ਕੇ ਖੁਦ ਨੂੰ ਬੇਟੀ ਸਮੇਤ ਕਮਰੇ 'ਚ ਬੰਦ ਕਰ ਲਿਆ ਸੀ। ਮ੍ਰਿਤਕ ਸ਼ਖਸ ਦੇ ਭਰਾ ਨੇ ਪੁਲਸ ਨੂੰ ਦੱਸਿਆ ਕਿ ਫਿਲਹਾਲ ਉਨ੍ਹਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਚੱਲ ਰਹੀ ਸੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

DIsha

This news is Content Editor DIsha