ਨੌਦੀਪ ਕੌਰ ਦਾ ਸਾਥੀ ਸ਼ਿਵ ਕੁਮਾਰ ਜੇਲ੍ਹ ''ਚੋਂ ਰਿਹਾਅ

03/04/2021 7:18:05 PM

ਨਵੀਂ ਦਿੱਲੀ - ਕਿਰਤੀ ਹੱਕਾਂ ਲਈ ਲੜਨ ਵਾਲੀ ਕਾਰਕੁਨ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਸਾਰੇ ਤਿੰਨ ਕੇਸਾਂ ਵਿੱਚੋਂ ਅੱਜ ਜੇਲ੍ਹ 'ਚੋਂ ਰਿਹਾਅ ਹੋ ਗਏ ਹਨ। ਸ਼ਿਵ ਕੁਮਾਰ ਨੂੰ ਅੱਜ ਤੀਜੇ ਮਾਮਲੇ 'ਚ ਸੋਨੀਪਤ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਉਸ ਨੂੰ ਦੋ ਮਾਮਲਿਆਂ 'ਚ ਪਹਿਲਾਂ ਹੀ 3 ਮਾਰਚ ਨੂੰ ਜ਼ਮਾਨਤ ਮਿਲ ਗਈ ਸੀ। ਦੱਸਣਯੋਗ ਹੈ ਕਿ ਸ਼ਿਵ ਕੁਮਾਰ ਮਜ਼ਦੂਰ ਅਧਿਕਾਰ ਸੰਗਠਨ ਦਾ ਪ੍ਰਧਾਨ ਹੈ ਅਤੇ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਦੇ ਕੁਝ ਦਿਨਾਂ ਬਾਅਦ 16 ਜਨਵਰੀ ਨੂੰ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 26 ਫਰਵਰੀ ਨੂੰ ਨੌਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ। ਨੌਦੀਪ ਕੌਰ ਨੂੰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ 12 ਜਨਵਰੀ ਨੂੰ ਇਕ ਉਦਯੋਗਿਕ ਇਕਾਈ ਦਾ ਘਿਰਾਓ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਨੌਦੀਪ ਕੌਰ (23) ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਸੀ ਕਿ ਪਿਛਲੇ ਮਹੀਨੇ ਸੋਨੀਪਤ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਥਾਣੇ 'ਚ ਕਈ ਵਾਰ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਆਪਣੀ ਪਟੀਸ਼ਨ 'ਚ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਅਤੇ ਭਾਰਤੀ ਸਜ਼ਾ ਕੋਡ (ਆਈ.ਪੀ.ਸੀ.) ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਸ਼ਿਕਾਇਤ 'ਚ ਦੋਸ਼ੀ ਬਣਾਇਆ ਗਿਆ। 
 

Inder Prajapati

This news is Content Editor Inder Prajapati