ਤੇਜ਼ਾਬੀ ਹਮਲਿਆਂ ਕਾਰਨ ਪੀੜਤ ਔਰਤਾਂ 'ਤੇ ਮਿਹਰਬਾਨ ਨਿਤੀਸ਼ ਕੁਮਾਰ

07/18/2018 9:47:46 AM

ਨਵੀਂ ਦਿੱਲੀ— ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਸਬੰਧੀ ਨਵੇਂ ਪੱਧਰ ਸਥਾਪਿਤ ਕਰਨ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਭਵਿੱਖ ਲਈ ਗੰਭੀਰਤਾ ਵਿਖਾਉਂਦੇ ਹੋਏ ਸੂਬੇ 'ਚ ਤੇਜ਼ਾਬੀ ਹਮਲਿਆਂ ਅਤੇ ਜਬਰ-ਜ਼ਨਾਹ ਦਾ ਸ਼ਿਕਾਰ ਹੋਈਆਂ ਕੁੜੀਆਂ ਤੇ ਔਰਤਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਕਮ 3 ਲੱਖ ਰੁਪਏ ਤੋਂ ਵਧਾ ਕੇ 7 ਲੱਖ ਰੁਪਏ ਕਰ ਕੇ ਉਨ੍ਹਾਂ ਦੇ ਦੁੱਖਾਂ 'ਤੇ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਜਾਣਕਾਰੀ ਮੁਤਾਬਕ ਮੰਤਰੀ ਮੰਡਲੀ ਸਕੱਤਰੇਤ ਵਿਭਾਗ ਦੇ ਵਿਸ਼ੇਸ਼ ਸਕੱਤਰ ਉਪੇਂਦਰ ਨਾਥ ਪਾਂਡੇ ਨੇ ਮੰਗਲਵਾਰ ਦੱਸਿਆ ਕਿ ਨਿਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਇਸ ਮੰਤਵ ਦੀ ਪੂਰਤੀ ਲਈ ਬਿਹਾਰ ਪੀੜਤ ਪ੍ਰਤੀਕਰ (ਸੋਧ) ਯੋਜਨਾ 2018 ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਤੇਜ਼ਾਬੀ ਹਮਲੇ ਅਤੇ ਜਬਰ-ਜ਼ਨਾਹ ਦੀਆਂ ਸ਼ਿਕਾਰ ਕੁੜੀਆਂ ਤੇ ਔਰਤਾਂ ਨੂੰ ਸਰਕਾਰ ਵਲੋਂ ਪਹਿਲਾਂ 3 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਸੀ, ਜਿਸ ਨੂੰ ਹੁਣ ਵਧਾ ਕੇ 7 ਲੱਖ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇ 14 ਸਾਲ ਤੋਂ ਘੱਟ ਉਮਰ ਦੀ ਕੁੜੀ ਜਬਰ-ਜ਼ਨਾਹ ਜਾਂ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੁੰਦੀ ਹੈ ਤਾਂ ਉਸ ਦੇ ਮੁਆਵਜ਼ੇ ਦੀ ਰਕਮ 'ਚ 50 ਫੀਸਦੀ ਦਾ ਵਾਧਾ ਕੀਤਾ ਜਾਏਗਾ।