ਕੋਟਾ ਤੋਂ ਬਿਹਾਰ ਦੇ ਵਿਦਿਆਰਥੀਆਂ ਨੂੰ ਨਹੀਂ ਕੱਢ ਸਕਣ ਦਾ ਗੁੱਸਾ ਯੋਗੀ ''ਤੇ ਕੱਢ ਰਹੇ ਨੀਤੀਸ਼

04/29/2020 8:52:06 PM

ਨਵੀਂ ਦਿੱਲੀ (ਏਜੰਸੀ)- ਲਾਕ ਡਾਊਨ ਵਿਚ ਕੋਟਾ ਵਿਚ ਫੱਸੇ ਵਿਦਿਆਰਥੀਆਂ ਦੇ ਮੁੱਦੇ ਨੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਨੀਂਦ ਉਡਾ ਦਿੱਤੀ ਹੈ। ਉਨ੍ਹਾਂ ਸਾਹਮਣੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਆਪਣੇ ਸੂਬੇ ਦੇ ਬੱਚਿਆਂ ਨੂੰ ਕੋਟਾ ਤੋਂ ਸੁਰੱਖਿਅਤ ਕੱਢ ਲਿਆ ਹੈ, ਜਦੋਂ ਕਿ ਬਿਹਾਰ ਦੇ ਬੱਚੇ ਅਜੇ ਵੀ ਉਥੇ ਹਨ। ਉੱਤਰ ਪ੍ਰਦੇਸ਼ ਦੀ ਦੇਖੋ-ਦੇਖੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਨੇ ਵੀ ਬੱਸਾਂ ਭੇਜ ਕੇ ਆਪਣੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਕੋਟਾ ਤੋਂ ਬੁਲਾ ਲਿਆ ਹੈ। ਅਜਿਹੇ ਵਿਚ ਨੀਤੀਸ਼ ਕੁਮਾਰ ਦੀ ਤੁਲਨਾ ਯੋਗੀ ਨਾਲ ਕਰਕੇ ਵਿਰੋਧੀ ਧਿਰ ਉਪਰ ਹਮਲੇ ਬੋਲ ਰਿਹਾ ਹੈ। ਉਨ੍ਹਾਂ ਦੀ ਪ੍ਰਸ਼ਾਸਨਿਕ ਸਮਰੱਥਾ 'ਤੇ ਸਵਾਲ ਚੁੱਕੇ ਜਾ ਰਹੇ ਹਨ। ਇਧਰ ਮੰਗਲਵਾਰ ਨੂੰ ਪਟਨਾ ਹਾਈਕੋਰਟ ਨੇ ਨੀਤੀਸ਼ ਸਰਕਾਰ ਨੂੰ ਹੁਕਮ ਦਿੱਤੇ ਕਿ ਉਹ ਕੋਟਾ ਵਿਚ ਫਸੇ ਬਿਹਾਰੀ ਬੱਚਿਆਂ ਨੂੰ ਹਰ ਸੰਭਵ ਮਦਦ ਕਰਨ।

ਨੀਤੀਸ਼ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਰ ਸੰਕਟ ਨੂੰ ਆਪਣੇ ਹਿੱਤ ਵਿਚ ਬਦਲਣ ਵਿਚ ਮਾਹਰ ਹਨ ਪਰ ਵਿਦਿਆਰਥੀਆਂ ਦਾ ਮੁੱਦਾ ਉਨ੍ਹਾਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸੰਕਟ ਬਣ ਗਿਆ ਹੈ। ਇਹ ਸੰਕਟ ਆਇਆ ਵੀ ਚੋਣ ਸਾਲ ਵਿਚ ਹੈ। ਇਸ ਮੁੱਦੇ ਨੂੰ ਲੈ ਕੇ ਨੀਤੀਸ਼ ਕਿੰਨੇ ਡਿਸਟਰਬ ਹਨ ਇਹ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਤੋਂ ਸੋਮਵਾਰ ਨੂੰ ਵੀਡੀਓ ਕਾਨਫਰਾਂਸਿੰਗ ਵਿਚ ਉਨ੍ਹਾਂ ਨੇ ਐਮਰਜੈਂਸੀ ਮੈਨੇਜਮੈਂਟ ਕਾਨੂੰਨ ਦੇ ਕੁਝ ਅੰਸ਼ ਪੜ੍ਹ ਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕੁਝ ਸੂਬੇ ਵਿਦਿਆਰਥੀਆਂ ਨੂੰ ਲਾਕ ਡਾਊਨ ਵਿਚ ਆਵਾਜਾਈ ਕਰਵਾ ਕੇ ਇਸ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਗੁਆਂਢੀ ਮੁੱਖ ਮੰਤਰੀ ਯੋਗੀ ਦੇ ਤੁਰੰਤ ਕਦਮ ਤੋਂ ਪ੍ਰੇਸ਼ਾਨ ਨੀਤੀਸ਼ ਨੇ ਇਸ ਤਰ੍ਹਾਂ ਉਨ੍ਹਾਂ ਨੂੰ ਹੀ ਆਪਣੇ ਨਿਸ਼ਾਨੇ 'ਤੇ ਲੈ ਲਿਆ।

ਲਾਕ ਡਾਊਨ ਦੇ ਸ਼ੁਰੂਆਤੀ ਦਿਨਾਂ ਵਿਚ ਮਜ਼ਦੂਰਾਂ ਦੇ ਸੜਕਾਂ 'ਤੇ ਆਉਣ ਲਈ ਨੀਤੀਸ਼ ਨੇ ਦਿੱਲੀ ਅਤੇ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਸੀ ਪਰ ਯੋਗੀ ਨੇ ਬੱਸਾਂ ਕਰਵਾਕੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜ ਕੇ 123 ਘੰਟੇ ਵਿਚ ਭੀੜ ਖਤਮ ਕਰਵਾ ਦਿੱਤੀ ਸੀ। ਇਨ੍ਹਾਂ ਬੱਸਾਂ ਵਿਚ ਬਿਹਾਰ ਪਹੁੰਚਣ ਵਾਲੇ ਮਜ਼ਦੂਰਾਂ ਨੂੰ ਨੀਤੀਸ਼ ਸਰਕਾਰ ਨੂੰ ਸਰਹੱਦ 'ਤੇ ਰੋਕ ਕੇ ਕਵਾਰੰਟੀਨ ਕਰਵਾਉਣਾ ਪਿਆ ਸੀ। 


Sunny Mehra

Content Editor

Related News